ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜੰਮੂ ਅਤੇ ਕਸ਼ਮੀਰ ਯੂਨਿਟ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਰਾਜ ਦੇ ਨਵੇਂ ਰਾਜਪਾਲ ਸਤਪਾਲ ਮਲਿਕ ਬਾਰੇ ਕਿਹਾ ਕਿ ਉਹ ਸਾਡਾ ਬੰਦਾ ਹੈ। ਵੀਰਵਾਰ ਨੂੰ ਇਕ ਵਾਇਰਲ ਵੀਡੀਓ ਕਲਿੱਪ ਵਿੱਚ ਰੈਨਾ ਨੂੰ ਲੋਕਾਂ ਨੂੰ ਇਹ ਦੱਸਦਿਆਂ ਦੇਖਿਆ ਗਿਆ ਹੈ ਕਿ, "ਹੁਣ ਜੋ ਗਵਰਨਰ ਆਇਆ ਹੈ ਉਹ ਸਾਡਾ ਬੰਦਾ ਹੈ।" ਰਵਿੰਦਰ ਰੈਨਾ ਵੀ ਵਿਧਾਇਕ ਹਨ।ਪਹਿਲੀ ਵਾਰ ਵਿਧਾਇਕ ਬਣੇ ਰੈਨਾ ਦੀ ਵੀਡੀਓ ਵਿਚ ਦਾਅਵਾ ਕੀਤਾ ਕਿ ਸਾਬਕਾ ਰਾਜਪਾਲ ਐਨ. ਐਨ. ਵੋਹਰਾ ਨੂੰ ਹਟਾ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਵਿਚਾਰਾਂ 'ਤੇ ਜ਼ੋਰ ਦਿੱਤਾ ਅਤੇ ਭਾਜਪਾ ਨੇਤਾਵਾਂ ਦੀ ਗੱਲ ਨਾ ਸੁਣੀ।
ਕਰਣ ਸਿੰਘ ਦੇ ਬਾਅਦ ਪਿਛਲੇ 51 ਸਾਲਾਂ ਵਿਚ ਜੰਮੂ ਅਤੇ ਕਸ਼ਮੀਰ ਦੇ ਰਾਜਪਾਲ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਸਿਆਸਤਦਾਨ ਸਤਪਾਲ ਮਲਿਕ ਹਨ। ਸਿੰਘ ਦਾ ਕਾਰਜਕਾਲ 1967 ਵਿਚ ਖ਼ਤਮ ਹੋਇਆ। ਸਾਲ 1967 ਤੋਂ, ਸਿਰਫ਼ ਸੇਵਾਮੁਕਤ ਨੌਕਰਸ਼ਾਹਾਂ, ਡਿਪਲੋਮੈਟਾਂ, ਪੁਲਿਸ ਅਧਿਕਾਰੀ ਅਤੇ ਜਨਰਲ ਫੌਜੀ ਅਫਸਰ ਇਸ ਅਹੁਦੇ 'ਤੇ ਕਾਬਜ਼ ਰਹੇ ਸਨ। ਚਰਚਾ ਹੈ ਕਿ ਪੀਡੀਪੀ ਦੇ ਅਸੰਤੁਸ਼ਟ ਵਿਧਾਇਕ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ।
72 ਸਾਲਾਂ ਦੇ ਮਲਿਕ ਸਾਰੀਆਂ ਸਿਆਸੀ ਵਿਚਾਰਧਾਰਾਵਾਂ ਨਾਲ ਨੇੜਿਓਂ ਜੁੜੇ ਰਹੇ ਹਨ। ਉਸ ਨੇ ਇਕ ਸਮਾਜਵਾਦੀ ਵਿਦਿਆਰਥੀ ਨੇਤਾ ਦੇ ਰੂਪ ਵਿਚ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਉਹ 1974 ਵਿਚ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਤੋਂ ਐਮ.ਐਲ.ਏ ਚੁਣੇ ਗਏ ਸਨ। ਮਲਿਕ 1984 ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਰਾਜ ਸਭਾ ਮੈਂਬਰ ਬਣ ਗਏ, ਪਰ ਬੋਫਰਜ਼ ਘੁਟਾਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਤਿੰਨ ਸਾਲ ਬਾਅਦ ਅਸਤੀਫ਼ਾ ਦੇ ਦਿੱਤਾ। 1988 ਵਿਚ ਉਹ ਵੀ.ਪੀ. ਸਿੰਘ ਦੇ ਨਿਤੀ ਜਨਤਾ ਦਲ ਵਿਚ ਸ਼ਾਮਲ ਹੋਏ ਅਤੇ 1989 ਵਿਚ ਅਲੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਗਏ।
2004 ਵਿੱਚ ਮਲਿਕ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਲੋਕ ਸਭਾ ਚੋਣ ਲੜੀ, ਪਰ ਇਸ ਵਿਚ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। 4 ਅਕਤੂਬਰ, 2017 ਨੂੰ ਬਿਹਾਰ ਦੇ ਗਵਰਨਰ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਉਹ ਭਾਜਪਾ ਕਿਸਾਨ ਮੋਰਚੇ ਦਾ ਇੰਚਾਰਜ ਸਨ।