ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਤੋਂ ਪਾਕਿਸਤਾਨ ਕੁਝ ਘਬਰਾਇਆ ਹੋਇਆ ਹੈ। ਇਸੇ ਲਈ ਉਹ ਕਦੇ ਭਾਰਤ ਨਾਲ ਜੰਗ ਛੇੜਨ ਦੀ ਗੱਲ ਕਰਦਾ ਹੈ ਤੇ ਕਦੇ ਪ੍ਰਮਾਣੂ ਬੰਬ ਵਰਤਣ ਦੀ ਸੰਭਾਵਨਾ ਦੀ ਗੱਲ ਕਹਿੰਦਾ ਹੈ। ਪਰ ਹੁਣ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਨੇ ਕੁਝ ਅਜਿਹਾ ਹੀ ਬਿਆਨ ਦਿੱਤਾ ਹੈ। ਉਨ੍ਹਾਂ ਇਹ ਤਾਂ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਰਵਾਇਤੀ ਜੰਗ ਵਿੱਚ ਤਾਂ ਹਾਰ ਸਕਦਾ ਹੈ ਪਰ ਫਿਰ ਵੀ ਉਹ ਆਖ਼ਰੀ ਦਮ ਤੱਕ ਲੜਨਗੇ। ਇਸ ਤੋਂ ਇਲਾਵਾ ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਪ੍ਰਮਾਣੂ ਜੰਗ ਦੀ ਸੰਭਾਵਨਾ ਵੀ ਪ੍ਰਗਟਾਈ ਹੈ।
ਸ੍ਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਰਵਾਇਤੀ ਜੰਗ ਹਾਰਨ ਦੀ ਹਾਲਤ ਵਿੱਚ ਕਿਸੇ ਦੇਸ਼ ਕੋਲ ਦੋ ਰਾਹ ਹੁੰਦੇ ਹਨ। ਇੱਕ ਤਾਂ ਇਹ ਕਿ ਉਹ ਆਤਮ–ਸਮਰਪਣ ਕਰ ਦੇਵੇ ਤੇ ਦੂਜਾ ਇਹ ਕਿ ਉਹ ਅੰਤ ਤੱਕ ਲੜੇ। ‘ਪਾਕਿਸਤਾਨ ਅੰਤ ਤੱਕ ਲੜੇਗਾ, ਇਹੋ ਕਾਰਨ ਹੈ ਕਿ ਜਦੋਂ ਪ੍ਰਮਾਣੂ ਸ਼ਕਤੀ ਭਰਪੂਰ ਦੋ ਦੇਸ਼ ਲੜਨਗੇ, ਤਾਂ ਉਸ ਦੇ ਨਤੀਜੇ ਵੀ ਆਪਣੀ ਹੀ ਕਿਸਮ ਦੇ ਹੋਣਗੇ।’
ਨਿਊਜ਼ ਚੈਨਲ ‘ਅਲ ਜਜ਼ੀਰਾ’ ਨੂੰ ਦਿੱਤੇ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਅਮਨ–ਪਸੰਦ ਹਨ। ‘ਮੈਂ ਸਦਾ ਜੰਗ ਦੇ ਵਿਰੁੱਧ ਰਿਹਾ ਹਾਂ। ਮੇਰਾ ਮੰਨਣਾ ਹੈ ਕਿ ਇਸ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ। ਭਾਵੇਂ ਤੁਸੀਂ ਵੀਅਤਨਾਮ ਦੀ ਜੰਗ ਵੇਖ ਲਵੋ ਤੇ ਚਾਹੇ ਇਰਾਕ ਦੀ ਲੜਾਈ।’
ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਰਾਕ ਤੇ ਵੀਅਤਨਾਮ ਵਿੱਚ ਜੰਗ ਨਾਲ ਸਗੋਂ ਕੁਝ ਹੋਰ ਹੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜੋ ਉਨ੍ਹਾਂ ਸਮੱਸਿਆਵਾਂ ਤੋਂ ਵੱਡੀਆਂ ਹਨ, ਜਿਨ੍ਹਾਂ ਲਈ ਜੰਗ ਲੜੀ ਗਈ ਸੀ।
ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਕਦੇ ਵੀ ਪ੍ਰਮਾਣੂ ਜੰਗ ਨਹੀਂ ਕਰੇਗਾ।