ਪਾਕਿਸਤਾਨ ਨੂੰ ਵਿਸ਼ਵ ਮੰਚ 'ਤੇ ਇਕੱਲਾ ਕਰਨ ਦਾ ਪੂਰਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਅੱਤਵਾਦ ਰਾਹੀਂ ਪਾਕਿਸਤਾਨ ਜਿਹੜੀ ਲੜਾਈ ਲੜ ਰਿਹਾ ਹੈ, ਉਸ 'ਚ ਕਦੇ ਜਿੱਤ ਨਹੀਂ ਸਕਦਾ।
ਰੱਖਿਆ ਮੰਤਰੀ ਨੇ ਅੱਜ ਪੁਣੀ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ 'ਚ ਪਰੇਡ ਦੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਤਵਾਦ ਵਿਰੁੱਧ ਭਾਰਤੀ ਫੌਜ ਦੇਸ਼ ਦੀ ਤਾਕਤ ਹੈ। ਨਾਲ ਹੀ ਉਨ੍ਹਾਂ ਨੇ ਪਾਕਿਸਤਾਨ 'ਤੇ ਸਖਤ ਸ਼ਬਦਾਂ 'ਚ ਨਿਸ਼ਾਨਾ ਸਾਧਿਆ। ਰੱਖਿਆ ਮੰਤਰੀ ਨੇ ਕਿਹਾ, "ਵਿਸ਼ਵ ਮੰਚ 'ਤੇ ਅੱਤਵਾਦ ਦਾ ਸਾਥ ਦੇਣ ਵਾਲੇ ਪਾਕਿਸਤਾਨ ਨੂੰ ਅਲੱਗ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਪੂਰਾ ਕ੍ਰੈਡਿਟ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ। ਅੱਤਵਾਦ ਰਾਹੀਂ ਪਾਕਿਸਤਾਨ Proxy War ਕਰ ਰਿਹਾ ਹੈ, ਪਰ ਅੱਜ ਮੈਂ ਕਹਿੰਦਾ ਹਾਂ ਕਿ ਇਸ 'ਚ ਉਹ ਕਦੇ ਜਿੱਤ ਨਹੀਂ ਸਕੇਗਾ।"
Defence Minister Rajnath Singh in Pune: Pakistan through terrorism is indulging in a proxy war, but today I say this with full responsibility that it cannot even win in this proxy war pic.twitter.com/fwCcPgYAaH
— ANI (@ANI) November 30, 2019
ਰਾਜਨਾਥ ਸਿੰਘ ਦੇ ਭਾਸ਼ਣ ਦੀਆਂ 10 ਖਾਸ ਗੱਲਾਂ :
1. ਦੁਨੀਆਂ ਦਾ ਇਤਿਹਾਸ ਸਾਨੂੰ ਇਹ ਦੱਸਦਾ ਅਤੇ ਸਿਖਾਉਂਦਾ ਹੈ ਕਿ ਜਿਹੜੇ ਦੇਸ਼ ਗਤੀਸ਼ੀਲ ਜੋਖਮ ਅਤੇ ਚੁਣੌਤੀਆਂ ਲਈ ਖੁਦ ਨੂੰ ਤਿਆਰ ਨਹੀਂ ਕਰਦੇ, ਉਹ ਆਪਣੇ ਪੈਰਾਂ 'ਤੇ ਕੁਹਾੜੀ ਮਾਰਨ ਦਾ ਕੰਮ ਕਰਦੇ ਹਨ। ਇਸ ਲਈ ਸਾਨੂੰ 20ਵੀਂ ਸਦੀ 'ਚ ਪੈਦਾ ਹੋਏ ਅੱਤਵਾਦ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਰੱਖਣਾ ਹੈ। 21ਵੀਂ ਸਦੀ 'ਚ ਨਵੇਂ ਖਤਰਿਆਂ ਦਾ ਮੁਕਾਬਲਾ ਕਰਨਾ ਹੈ, ਜਿਸ 'ਚ ਸਾਈਬਰ ਖਤਰੇ ਅਤੇ ਨਫਰਤ ਭਰੀਆਂ ਵਿਚਾਰਧਾਰਾਵਾਂ ਦਾ ਮੁਕਾਬਲਾ ਕਰਨਾ ਸ਼ਾਮਲ ਹੈ।
2. ਭਾਰਤ ਹੀ ਨਹੀਂ ਪੂਰੀ ਦੁਨੀਆ ਨੇ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਵੀ ਮਨੁੱਖੀ ਸੰਕਟ ਪੈਦਾ ਹੋਇਆ ਹੈ ਜਾਂ ਗਲੋਬਲ ਪੀਸ ਤੇ ਸਥਿਰਤਾ ਲਈ ਕੋਈ ਖਤਰਾ ਪੈਦਾ ਹੋਇਆ ਹੈ ਤਾਂ ਭਾਰਤੀ ਫੌਜਾਂ ਨੇ ਜਿਹੜੀ ਬਹਾਦਰੀ ਵਿਖਾਈ ਹੈ, ਉਹ ਆਪਣੇ ਆਪ 'ਚ ਬੇਮਿਸਾਲ ਹੈ।
3. ਦੇਸ਼ ਦੀ ਸੁਰੱਖਿਆ ਲਈ ਹੁਣ ਭਾਰਤ ਦੀ ਫੌਜ ਸਰਹੱਦ ਅੰਦਰ ਹੀ ਨਹੀਂ ਸਗੋਂ ਲੋੜ ਪੈਣ 'ਤੇ ਸਰਹੱਦ ਤੋਂ ਪਾਰ ਜਾ ਕੇ ਵੀ ਕਾਰਵਾਈ ਕਰਦੀ ਹੈ। ਅਸੀਂ ਪਿਛਲੇ ਸਾਢੇ 5 ਸਾਲਾਂ 'ਚ ਤਿੰਨ-ਚਾਰ ਵਾਰ ਅਜਿਹਾ ਕੀਤਾ ਹੈ। 2016 'ਚ ਪੀਓਕੇ 'ਚ ਸਰਜਿਕਲ ਸਟ੍ਰਾਈਕ ਹੋਈ ਅਤੇ 2019 'ਚ ਅਸੀਂ ਬਾਲਾਕੋਟ 'ਚ ਅੱਤਵਾਦੀ ਟਿਕਾਣੇ ਤਬਾਹ ਕੀਤੇ।
4. ਅੱਜ ਦੇ ਦਿਨ ਇੱਕ ਆਮ ਆਮਦੀ ਵਜੋਂ ਤੁਸੀਂ 'ਅੰਤਮ ਕਦਮ' ਚੁੱਕੋਗੇ, ਕਿਉਂਕਿ ਅੱਜ ਤੋਂ ਬਾਅਦ ਤੁਹਾਡੀ ਪਛਾਣ ਦੇਸ਼ ਦੇ ਮਾਨ-ਸਨਮਾਨ ਦੀ ਰੱਖਿਆ ਕਰਨ ਵਾਲੇ ਫੌਜੀ ਵਜੋਂ ਕੀਤੀ ਜਾਵੇਗੀ।
5. ਸਾਡੇ ਦੇਸ਼ ਦੇ ਫੌਜੀਆਂ ਨੇ ਆਪਣੇ ਖੂਨ-ਪਸੀਨੇ ਨਾਲ ਇਸ ਦੇਸ਼ ਦੀ ਰੱਖਿਆ ਕੀਤੀ ਹੈ। ਇਸ ਲਈ ਅੱਜ ਦਾ ਦਿਨ ਉਨ੍ਹਾਂ ਸਾਰੇ ਫੌਜੀਆਂ ਨੂੰ ਵੀ ਯਾਦ ਕਰਾਂਗੇ, ਜਿਨ੍ਹਾਂ ਨੇ ਦੇਸ਼ 'ਚ ਆਪਣੀ ਸੇਵਾ, ਤਿਆਗ ਅਤੇ ਬਲੀਦਾਨ ਨਾਲ ਭਾਰਤ ਦੀ ਰੱਖਿਆ ਕੀਤੀ।
6. ਸੱਚੇ ਅਤੇ ਚੰਗੇ ਭਾਰਤੀ ਹੋਣ ਦਾ ਮਤਲਬ ਹੈ ਦੇਸ਼ ਸੇਵਾ ਨੂੰ ਆਪਣਾ ਫ਼ਰਜ ਸਮਝਣਾ ਅਤੇ ਆਪਣਾ ਫ਼ਰਜ ਪੂਰੀ ਜਿੰਮੇਵਾਰੀ ਨਾਲ ਨਿਭਾਉਣਾ।
7. ਤੁਸੀਂ ਦੇਸ਼ ਸੇਵਾ ਦਾ ਫ਼ਰਜ ਅਜਿਹੇ ਸਮੇਂ 'ਚ ਸਮਝਿਆ ਹੈ, ਜਦੋਂ ਜ਼ਿਆਦਾਤਰ ਨਵੀਂ ਪੀੜੀ ਪੈਸਾ, ਸ਼ੌਹਰਤ ਅਤੇ ਦੂਜੀ ਤਰ੍ਹਾਂ ਦੀ ਦੌਲਤ ਪਿੱਛੇ ਭੱਜ ਰਹੀ ਹੈ। ਤੁਸੀਂ ਆਪਣੀ ਜ਼ਿੰਦਰੀ 'ਚ ਲਾਲਚ ਦੀ ਥਾਂ ਆਤਮ ਅਨੁਸ਼ਾਸਨ ਨੂੰ ਚੁਣਿਆ ਹੈ।
8. ਅੱਜ ਦੇ ਸਮੇਂ 'ਚ ਕਈ ਸੰਸਥਾਨ ਆਪਣੀ ਹੋਂਦ ਬਚਾਉਣ 'ਚ ਲੱਗੇ ਹੋਏ ਹਨ। ਭਾਰਤੀ ਫੌਜ ਇਕ ਅਜਿਹਾ ਸੰਸਥਾਨ ਹੈ, ਜੋ ਆਪਣੀ ਹੋਂਦ ਨੂੰ ਅੱਗੇ ਵਧਾਉਣ 'ਚ ਲੱਗੀ ਹੋਈ ਹੈ। ਸਾਡੇ ਦੇਸ਼ ਨੂੰ ਕੋਈ ਛੇੜੇਗਾ ਤਾਂ ਅਸੀਂ ਉਸ ਨੂੰ ਨਹੀਂ ਛੱਡਾਂਗੇ।
9. ਜਦੋਂ ਕੋਈ ਦੇਸ਼ ਆਪਣੀ ਧਰਤੀ 'ਤੇ ਅੱਤਵਾਦੀ ਕੈਂਪ ਚਲਾਉਂਦਾ ਹੈ ਜਾਂ ਭਾਰਤ 'ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਂਦਾ ਹੈ।
10. ਦੇਸ਼ ਦੀ ਰੱਖਿਆ ਲਈ ਭਾਰਤੀ ਫੌਜ ਹੁਣ ਸਰਹੱਦ ਅੰਦਰ ਹੀ ਨਹੀਂ, ਸਗੋਂ ਬਾਹਰ ਜਾ ਕੇ ਵੀ ਕਾਰਵਾਈ ਕਰਦੀ ਹੈ।