ਬੀਤੀ 19 ਤੇ 20 ਅਕਤੂਬਰ ਨੂੰ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਦੌਰਾਨ ਪਾਕਿਸਤਾਨੀ ਕਬਜ਼ੇ ਹੇਠਲੇ (ਮਕਬੂਜ਼ਾ) ਕਸ਼ਮੀਰ (POK) ਵਿੱਚ ਘੱਟੋ–ਘੱਟ 18 ਅੱਤਵਾਦੀ ਅਤੇ 16 ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ। ਇਹ ਜਾਣਕਾਰੀ ਭਾਰਤੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੇ ਦਿੱਤੀ ਹੈ। ਇਹ ਕਾਰਵਾਈ ਪਾਕਿਸਤਾਨੀ ਕਸ਼ਮੀਰ ’ਚ ਬਣੇ ਤਿੰਨ ਅੱਤਵਾਦੀ ਕੈਂਪਾਂ ਉੱਤੇ ਕੀਤੀ ਗਈ ਸੀ।
ਭਾਰਤੀ ਫ਼ੌਜ ਨੇ ਹਾਲੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਅਤੇ HT ਨੇ ਵੀ ਆਜ਼ਾਦਾਨਾ ਤਰੀਕੇ ਨਾਲ ਇਸ ਗਿਣਤੀ ਨੂੰ ਪ੍ਰਮਾਣਿਤ ਨਹੀਂ ਕੀਤਾ ਹੈ।
ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਜੈਸ਼–ਏ–ਮੁਹੰਮਦ ਤੇ ਹੋਰ ਅੱਤਵਾਦੀ ਕੈਂਪਾਂ ਨੂੰ ਨਸ਼ਟ ਕੀਤਾ ਗਿਆ ਹੈ। ਚੇਤੇ ਰਹੇ ਕਿ ਇਸ ਕਾਰਵਾਈ ਤੋਂ ਬਾਅਦ ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਭਾਰਤੀ ਫ਼ੌਜੀਆਂ ਦੀ ਕਾਰਵਾਈ ’ਚ ਇੱਕ ਹੋਰ ਅੱਤਵਾਦੀ ਕੈਂਪ ਨੂੰ ਗੰਭੀਰ ਨੁਕਸਾਨ ਪੁੱਜਾ ਹੈ। ਨਾਲ ਹੀ ਕੰਟਰੋਲ ਰੇਖਾ ਦੇ ਦੂਜੇ ਪਾਸੇ ਅੱਤਵਾਦੀਆਂ ਦੇ ਬੁਨਿਆਦੀ ਢਾਂਚੇ ਨੂੰ ਭਾਰਤ ਦੀ ਜਵਾਬੀ ਕਾਰਵਾਈ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ।
ਜਨਰਲ ਰਾਵਤ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਇਸ ਜਵਾਬੀ ਕਾਰਵਾਈ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਦਾ ਗੋਲ਼ੀ–ਸਿੱਕਾ ਤੇ ਰਾਸ਼ਨ ਡੀਪੂ ਵੀ 155MM ਤੋਪ ਦੀ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਅਸਲੇ ਦੇ ਮਦਦ ਨਾਲ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਨੀਲਮ ਵਾਦੀ ਵਿੱਚ ਚਾਰ ਲਾਂਚ ਪੈਡਜ਼ ਉੱਤੇ ਹਮਲਾ ਕੀਤਾ ਗਿਆ ਸੀ; ਉੱਥੇ ਹੀ ਜੁਰਾ, ਅਥਾਮੁੱਕਮ ਤੇ ਕੁੰਡਲਸ਼ਾਹੀ ’ਚ ਲਾਂਚ–ਪੈਡ ਵੀ 20 ਅਕਤੂਬਰ ਦੀ ਰਾਤ ਨੂੰ ਨਸ਼ਟ ਹੋ ਗਏ ਸਨ।
ਸੁਰੱਖਿਆ ਏਜੰਸੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ (LoC) ਲਾਗੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਜੰਮੂ–ਕਸ਼ਮੀਰ ’ਚ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਹੋਵੇਗੀ, ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ।