ਪਾਕਿਸਤਾਨ ਵੱਲੋਂ ਅੱਤਵਾਦੀਆਂ ਤੇ ਘੁਸਪੈਠੀਆਂ ਨੂੰ ਲਗਾਤਾਰ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਕਰਵਾਉਣ ਦੇ ਜਤਨ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲਈ ਹੁਣ ਗੁਜਰਾਤ ਸਥਿਤ ਸਰ ਕ੍ਰੀਕ ਸਰਹੱਦ ਦੀ ਸੁਰੱਖਿਆ ਵੀ ਭਾਰਤ ਸਰਕਾਰ ਨੇ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਇੱਥੇ ਸੀਮਾ ਸੁਰੱਖਿਆ ਬਲ (BSF) ਨੂੰ ਸਮੁੰਦਰੀ ਫ਼ੌਜ ਤੇ ਕੋਸਟਲ ਗਾਰਡ ਦੇ ਦੇ ਸਿੱਖਿਅਤ ਜਵਾਨਾਂ ਦੀ ਮਦਦ ਵੀ ਨਿਗਰਾਨੀ ਲਈ ਮਿਲ ਸਕਦੀ ਹੈ।
ਸਰਕਾਰ ਇਸ ਤਰ੍ਹਾਂ ਦੇ ਪ੍ਰਸਤਾਵ ਉੱਤੇ ਅਮਲ ਕਰਨ ਜਾ ਰਹੀ ਹੈ ਕਿ ਸਰ ਕ੍ਰੀਕ ਦੀ ਸਰਹੱਦ ਉੱਤੇ BSF ਦੀ ਮਦਦ ਲਈ ਹੋਰ ਬਲ ਵੀ ਜ਼ਰੂਰ ਭੇਜੇ ਜਾਣ। ਸਰਕਾਰ ਨੂੰ ਇਸ ਸਬੰਧੀ ਕਈ ਸੁਝਾਅ ਮਿਲੇ ਹਨ, ਜਿਨ੍ਹਾਂ ਉੱਤੇ ਗ਼ੌਰ ਕੀਤਾ ਜਾ ਰਿਹਾ ਹੈ।
ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕਾਰਨ ਪਾਕਿਸਤਾਨ ਦੀ ਨਜ਼ਰ ਸਰ ਕ੍ਰੀਕ ਸਰਹੱਦ ਉੱਤੇ ਹੈ। ਇੱਥੋਂ ਅੱਤਵਾਦੀਆਂ ਨੂੰ ਭੇਜਣ ਦੇ ਜਤਨਾਂ ਦੀ ਪੱਕੀ ਖ਼ੁਫ਼ੀਆ ਜਾਣਕਾਰੀ ਹੁਣ ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਹੈ।
ਇਸੇ ਲਈ ਹੁਣ ਉੱਚ ਪੱਧਰੀ ਸੁਰੱਖਿਆ ਚੌਕਸੀ ਵਰਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸਰ ਕ੍ਰੀਕ ਇਲਾਕੇ ਵਿੱਚ ਪਿਛਲੇ ਦਿਨੀਂ ਪਾਕਿਸਤਾਨ ਦੀਆਂ ਕੁਝ ਖ਼ਾਲੀ ਕਿਸ਼ਤੀਆਂ ਮਿਲੀਆਂ ਸਨ; ਜਿਸ ਤੋਂ ਇਹ ਖ਼ਦਸ਼ਾ ਪੈਦਾ ਹੋਇਆ ਕਿ ਪਾਕਿਸਤਾਨ ਇਸ ਇਲਾਕੇ ਵਿੱਚ ਅੱਤਵਾਦੀ ਭੇਜਣ ਦੇ ਜਤਨ ਕਰ ਰਿਹਾ ਹੈ।
ਸਰ ਕ੍ਰੀਕ ਸਰਹੱਦ ਉੱਤੇ ਪਾਕਿਸਤਾਨ ਵੱਲੋਂ ਸੁਰੱਖਿਆ ਤੇ ਨਿਗਰਾਨੀ ਦੀ ਜ਼ਿੰਮੇਵਾਰੀ ਪਾਕਿਸਤਾਨ ਨੇਵੀ ਤੇ ਪਾਕਿ ਕੋਸਟਲ ਗਾਰਡਜ਼ ਕੋਲ ਹੈ। ਇੱਥੇ ਇਹ ਜ਼ਿੰਮੇਵਾਰੀ BSF ਕੋਲ ਹੇ। ਦਰਅਸਲ, BSF ਧਰਤੀ ਉੱਤੇ ਸੁਰੱਖਿਆ ਦੇ ਵਧੇਰੇ ਸਮਰੱਥ ਹੈ; ਜਦ ਕਿ ਸਰ ਕ੍ਰੀਕ ਇਲਾਕਾ ਸਮੁੰਦਰ ਵਰਗਾ ਹੈ। ਇੱਥੇ ਹਰਾਮੀ ਨਾਂਅ ਦੇ ਨਾਲੇ ਦਾ ਮਿਜ਼ਾਜ ਮੌਸਮ ਮੁਤਾਬਕ ਬਦਲਦਾ ਰਹਿੰਦਾ ਹੈ; ਇਸ ਲਈ ਅਜਿਹੇ ਭੂਗੋਲਕ ਸਥਾਨ ਉੱਤੇ ਸੀਮਾ ਸੁਰੱਖਿਆ ਬਲ ਲਈ ਔਕੜਾਂ ਵੀ ਪੇਸ਼ ਆ ਸਕਦੀਆਂ ਹਨ।
ਅਸਲ ’ਚ ਕਸ਼ਮੀਰ ਤੇ ਰਾਜਸਥਾਨ ’ਚ ਭਾਰਤੀ ਸੁਰੱਖਿਆ ਬਲਾਂ ਨੇ ਡਾਢੀ ਸੁਰੱਖਿਆ ਚੌਕਸੀ ਰੱਖੀ ਹੋਈ ਹੈ; ਜਿਸ ਕਾਰਨ ਉਸ ਪਾਸਿਓਂ ਅੱਤਵਾਦੀਆਂ ਦਾ ਸਾਡੇ ਦੇਸ਼ ਅੰਦਰ ਦਾਖ਼ਲ ਹੋਣਾ ਕੁਝ ਔਖਾ ਹੈ। ਇਸੇ ਲਈ ਹੁਣ ਪਾਕਿਸਤਾਨੀ ਅੱਤਵਾਦੀਆਂ ਤੇ ਘੁਸਪੈਠੀਆਂ ਦੀ ਨਜ਼ਰ ਸਰ ਕ੍ਰੀਕ ਇਲਾਕੇ ਉੱਤੇ ਲੱਗੀ ਹੋਈ ਹੈ।