ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਉੱਤੇ ਸਮੁੱਚੇ ਵਿਸ਼ਵ ਦੀ ਚੁੱਪੀ ਉੱਤੇ ਸੁਆਲ ਉਠਾਉਂਦਿਆਂ ਆਖਿਆ ਹੈ ਕਿ ਉਹ ਕਸ਼ਮੀਰ ਦੀ ਆਵਾਜ਼ ਬਣਨਗੇ ਤੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਸਮੇਤ ਹਰੇਕ ਵਿਸ਼ਵ ਮੰਚ ਉੱਤੇ ਉਠਾਉਣਗੇ।
ਇਸ ਦੇ ਨਾਲ ਹੀ ਇਮਰਾਨ ਖ਼ਾਨ ਨੇ ਕਸ਼ਮੀਰ ਨੂੰ ਲੈ ਕੇ ਭਾਰਤ ਨਾਲ ਜੰਗ ਦੀ ਧਮਕੀ ਵੀ ਦਿੱਤੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਮੁਜ਼ੱਫ਼ਰਾਬਾਦ ਵਿਖੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਵਿਧਾਨ ਸਭਾ ਦੇ ਖ਼ਾਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਜੇ ਕੋਈ ਜੰਗ ਹੁੰਦੀ ਹੈ, ਤਾਂ ਵਿਸ਼ਵ ਭਾਈਚਾਰਾ ਇਸ ਲਈ ਜ਼ਿੰਮੇਵਾਰ ਹੋਵੇਗਾ।
ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰ ਅਤੇ ਪਾਕਿਸਤਾਨ ਉੱਤੇ ਸਮੁੱਚੀ ਦੁਨੀਆ ਦੀ ਨਜ਼ਰ ਹੈ। ਮੈਂ ਕਸ਼ਮੀਰ ਦੀ ਆਵਾਜ਼ ਨੂੰ ਹਰੇਕ ਕੌਮਾਂਤਰੀ ਮੰਚ ਉੱਤੇ ਉਠਾਉਣ ਵਾਲਾ ਦੂਤ ਬਣਾਂਗਾ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਵਿਰੁੱਧ ਭਾਰਤ ਕੋਈ ਹਮਲਾਵਰ ਰੁਖ਼ ਵਿਖਾਉਂਦਾ ਹੈ, ਤਾਂ ਉਨ੍ਹਾਂ ਦਾ ਦੇਸ਼ ਪੂਰੀ ਤਾਕਤ ਨਾਲ ਜਵਾਬ ਦੇਵੇਗਾ।
ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਕੋਲ ਪੂਰੀ ਜਾਣਕਾਰੀ ਹੈ ਕਿ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਕਾਰਵਾਈ ਦੀ ਯੋਜਨਾ ਉਲੀਕੀ ਹੈ।
ਇਮਰਾਨ ਖ਼ਾਨ ਨੇ ਜੰਮੂ–ਕਸ਼ਮੀਰ ’ਚੋਂ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਹਟਾਉਣ ਦੇ ਭਾਰਤ ਸਰਕਾਰ ਦੇ ਕਦਮ ਨੂੰ ਰਣਨੀਤਕਕ ਗ਼ਲਤੀ ਕਰਾਰ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਆਖ਼ਰੀ ਪੱਤਾ ਖੇਡ ਕੇ ਇੱਕ ਰਣਨੀਤਕ ਗ਼ਲਤੀ ਕੀਤੀ ਹੈ। ਮੋਦੀ ਅਤੇ ਭਾਜਪਾ ਨੂੰ ਇਸ ਦੀ ਵੱਡੀ ਕੀਮਤ ਅਦਾ ਕਰਨੀ ਹੋਵੇਗੀ।