ਪਾਕਿ ਸੈਨਾ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪੂੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਤਿੰਨ ਸੈਕਟਰਾਂ ਵਿੱਚ ਮੋਰਟਾਰ ਨਾਲ ਗੋਲੀਬਾਰੀ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਢੁਕਵਾਂ ਜਵਾਬ ਦਿੱਤਾ।
ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 11 ਵਜੇ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਸ਼ਾਹਪੁਰ, ਕਿਰਨੀ ਅਤੇ ਕਸਬਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਕੋਲ ਗੋਲੀਬਾਰੀ ਕੀਤੀ। ਸੋਮਵਾਰ ਨੂੰ ਪਾਕਿਸਤਾਨੀ ਸੈਨਾ ਨੇ ਪੂੰਛ ਦੇ ਮਨਕੋੋਟੇ ਇਲਾਕੇ ਨੂੰ ਨਿਸ਼ਾਨਾ ਬਣਾਇਆ ਸੀ।
ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਗੁੱਡਰ ਇਲਾਕੇ ਵਿੱਚ ਭਾਰਤੀ ਫੌਜ, ਕੇਂਦਰੀ ਰਿਜ਼ਰਵ ਪੁਲਿਸ ਫੋਰਸ, ਪੁਲਿਸ ਅਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ ਸਨ।
ਇਹ ਮੁਕਾਬਲਾ ਐਤਵਾਰ ਨੂੰ ਉਸ ਸਮੇਂ ਸ਼ੁਰੂ ਹੋਇਆ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਗਸ਼ਤ ਪਾਰਟੀ 'ਤੇ ਗੋਲੀਆਂ ਚਲਾਈਆਂ। ਜੰਮੂ ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਆਰਮੀ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਅੱਤਵਾਦੀਆਂ ਨੂੰ ਘੇਰ ਲਿਆ।
ਦੱਸਣਯੋਗ ਹੈ ਕਿ ਘਾਟੀ ਵਿੱਚ ਲੌਕਡਾਊਨ ਵਿੱਚ ਹੁਣ ਤੱਕ 23 ਅੱਤਵਾਦੀ ਮਾਰੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਹੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਸਾਲ 2020 ਵਿੱਚ ਸੁਰੱਖਿਆ ਬਲਾਂ ਵੱਲੋਂ 50 ਤੋਂ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ। ਅੱਤਵਾਦੀਆਂ ਦੇ ਸਫਾਏ ਨਾਲ ਬੌਖਲਾਇਆ ਪਾਕਿਸਤਾਨ ਹੋਰ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
...