ਰਾਫੇਲ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਸੰਸਦ `ਚ ਹੰਗਾਮਾ ਜਾਰੀ ਹੈ। ਰਾਫੇਲ ਮਾਮਲੇ `ਚ ਕਾਂਗਰਸ ਮੈਂਬਰਾਂ ਦੀ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਮੰਗ ਅਤੇ ਅਲੱਗ-ਅਲੱਗ ਮੁੱਦਿਆਂ `ਤੇ ਮਾਕਪਾ, ਅੰਨਾ ਡੀਐਮਕੇ ਤੇ ਮੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਮੈਂਬਰਾਂ ਦੇ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਕਰੀਬ 20 ਮਿੰਟ ਬਾਅਦ ਹੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਕਾਰਵਾਈ ਫਿਰ ਸ਼ੁਰੂ ਹੋਈ।
ਪ੍ਰਸ਼ਨਕਾਲ ਸ਼ੁਰੂ ਹੋਣ ਦੇ ਬਾਅਦ ਹੀ ਕਾਂਗਰਸ ਮੈਂਬਰ ਰਾਫੇਲ ਜਹਾਜ ਸੌਦੇ ਦੀ ਜਾਂਚ ਲਈ ਜੇਪੀਸੀ ਦੇ ਗਠਨ ਦੀ ਮੰਗ ਕਰਦੇ ਹੋਏ ਸਪੀਕਰ ਦੀ ਕੁਰਸੀ ਦੇ ਨੇੜੇ ਆ ਗਏ। ਤੇਦੇਪਾ ਮੈਂਬਰ ਵੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੇ ਹੋਏ ਹੱਥਾਂ `ਚ ਤੱਖਤੀਆਂ ਲੈ ਕੇ ਆਸਨ ਦੇ ਨੇੜੇ ਪਹੁੰਚ ਗਏ।
ਕਾਵੇਰੀ ਨਦੀ `ਤੇ ਬੰਨ ਦਾ ਨਿਰਮਾਣ ਰੋਕਣ ਦੀ ਮੰਗ `ਤੇ ਹੰਗਾਮਾ
ਕੁਝ ਦੇਰ ਬਾਅਦ ਅੰਨਾ ਡੀਐਮਕੇ ਮੈਂਬਰ ਵੀ ਕਾਵੇਰੀ ਨਦੀ `ਤੇ ਬੰਨ੍ਹ ਦਾ ਨਿਰਮਾਣ ਰੋਕਣ ਦੀ ਮੰਗ ਕਰਦੇ ਹੋਏ ਕੁਰਸੀ ਦੇ ਨੇੜੇ ਪਹੁੰਚ ਗਏ। ਮਾਕਪਾ ਦੇ ਮੈਂਬਰਾਂ ਨੇ ਵੀ ਸਰਕਾਰ ਤੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਨ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਕਾਂਗਰਸ ਮੈਂਬਰਾਂ ਦੇ ਹੱਥਾਂ `ਚ ਤਖਤੀਆਂ ਸਨ ਜਿਨ੍ਹਾਂ `ਤੇ ‘ਵੀ ਡਿਮਾਂਡ ਜੇਪੀਸੀ, ‘ਪ੍ਰਧਾਨ ਮੰਤਰੀ ਚੁੱਪੀ ਤੋੜੇ ਅਤੇ ਹੋਰ ਨਾਅਰੇ ਲਿਖੇ ਹੋਏ ਸਨ।
ਸ਼ੋਰ ਸ਼ਰਾਬੇ `ਚ ਹੀ ਸਪੀਕਰ ਨੇ ਰਾਸ਼ਟਰੀ ਸਿਹਤ ਬੀਮਾ ਯੋਜਨਾ ਅਤੇ ਬੱਚਿਆਂ ਲਈ ਹੋਸਟਲ ਨਾਲ ਸਬੰਧਤ ਪ੍ਰਸ਼ਨ ਲਏ। ਇਸ `ਤੇ ਸਿਹਤ ਮੰਤਰੀ ਜੇਪੀ ਨੱਢਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਪ੍ਰਸ਼ਨ ਦੇ ਉਤਰ ਵੀ ਦਿੱਤੇ।
12 ਵਜੇ ਤੱਕ ਲਈ ਮੁਲਤਵੀ ਕਰਨੀ ਪਈ ਕਾਰਵਾਈ
ਲੋਕ ਸਭਾ ਸਪੀਕਰ ਨੇ ਮੈਂਬਰਾਂ ਨੂੰ ਆਪਣੇ ਥਾਂ `ਤੇ ਜਾਣ ਅਤੇ ਸਦਨ ਦੀ ਮੀਟਿੰਗ ਚੱਲਣ ਦੇਣ ਨੂੰ ਕਿਹਾ, ਪ੍ਰੰਤੂ ਹੰਗਾਮਾ ਰੁਕਦਾ ਨਾ ਦੇਖ ਉਨ੍ਹਾਂ ਕਾਰਵਾਈ ਸ਼ੁਰੂ ਹੋਣ ਦੇ ਕਰੀਬ 20 ਮਿੰਟ ਬਾਅਦ ਹੀ ਮੀਟਿੰਗ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ।
ਰਾਜ ਸਭਾ ਪੂਰੇ ਦਿਨ ਲਈ ਮੁਲਤਵੀ
ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ, ਤਾਮਿਲਨਾਡੂ `ਚ ਕਾਵੇਰੀ ਬੰਨ੍ਹ ਦੇ ਨਿਰਮਾਣ ਸਮੇਤ ਵੱਖ-ਵੱਖ ਮੁੱਦਿਆਂ `ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਹੀ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਜਿ਼ਕਰਯੋਗ ਹੈ ਕਿ ਸ਼ਰਦੀ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਉਚ ਸਦਨ `ਚ ਵੱਖ-ਵੱਖ ਮੁੱਦਆਂ `ਤੇ ਹੰਗਾਮੇ ਕਾਰਨ ਲਗਾਤਾਰ ਗਤੀਰੋਧ ਬਣਿਆ ਹੋਇਆ ਹੈ। ਹੰਗਾਮੇ ਕਾਰਨ ਪ੍ਰਸ਼ਨਕਾਲ ਅਤੇ ਸਿਫਰਕਾਲ ਵੀ ਸੰਚਾਰੂ ਢੰਗ ਨਾਲ ਨਹੀਂ ਚਲ ਸਕੇ।