ਨਵੀਂ ਦਿੱਲੀ ਤੋਂ ਜਾ ਰਹੀ ਮਹਾਬੋਧੀ ਐਕਸਪ੍ਰੈਸ ਵਿੱਚ ਇਕ ਯਾਤਰੀ ਨੇ ਤੇਜ਼ ਬੁਖਾਰ ਹੋਣ ਨਾਲ ਕੋਚ ਵਿੱਚ ਹੜਕੰਪ ਮਚ ਗਿਆ। ਦਹਿਸ਼ਤ ਦਾ ਮਾਹੌਲ ਅਜਿਹਾ ਸੀ ਕਿ ਬਾਕੀ ਯਾਤਰੀਆਂ ਨੇ ਉਸ ਨੂੰ ਤਿੰਨ ਘੰਟੇ ਰੇਲ ਦੇ ਟਾਇਲਟ ਵਿੱਚ ਬੰਦ ਕਰ ਦਿੱਤਾ। ਰੇਲਵੇ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਜਦੋਂ ਰੇਲ ਗੱਡੀ ਕਾਨਪੁਰ ਪਹੁੰਚੀ ਤਾਂ ਡਾਕਟਰਾਂ ਦੀ ਟੀਮ ਆਈ ਅਤੇ ਇਸ ਦੀ ਜਾਂਚ ਕੀਤੀ। ਹਾਲਾਂਕਿ, ਡਾਕਟਰਾਂ ਨੂੰ ਯਾਤਰੀ ਵਿੱਚ ਕੋਰੋਨਾ ਦੇ ਸੰਕੇਤ ਨਹੀਂ ਮਿਲੇ।
ਦਰਅਸਲ, ਸਾਊਦੀ ਅਰਬ ਤੋਂ ਵਾਪਸ ਆਏ ਮੁਹੰਮਦ ਏਜਾਜ਼ ਅੰਸਾਰੀ, ਗਯਾ ਜਾਣ ਲਈ ਦਿੱਲੀ ਤੋਂ ਮਹਾਬੋਧੀ ਰੇਲ ਗੱਡੀ (12398) 'ਤੇ ਸਵਾਰ ਹੋਇਆ ਸੀ। ਉਹ ਏ -2 ਕੋਚ ਦੀ ਸੀਟ ਨੰਬਰ ਛੇ 'ਤੇ ਬੈਠ ਗਿਆ।
ਇਸ ਸਮੇਂ ਦੌਰਾਨ, ਬਾਕੀ ਯਾਤਰੀਆਂ ਨਾਲ ਉਸ ਦੀ ਗੱਲਬਾਤ ਸ਼ੁਰੂ ਹੋਈ। ਉਸ ਨੇ ਕਿਹਾ ਕਿ ਉਹ ਅੱਜ ਸਾਊਦੀ ਅਰਬ ਤੋਂ ਵਾਪਸ ਪਰਤਿਆ ਹੈ। ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਬੁਖਾਰ ਹੈ। ਇਹ ਸੁਣਦਿਆਂ ਹੀ ਕੋਚ ਵਿੱਚ ਹੰਗਾਮਾ ਹੋ ਗਿਆ। ਨਾਲ ਲੱਗਦੀ ਸੀਟ 'ਤੇ ਬੈਠੇ ਯਾਤਰੀ ਪਾਸੇ ਹੋ ਗਏ। ਕੁਝ ਯਾਤਰੀ ਦੂਸਰੇ ਡੱਬਿਆਂ ਵਿੱਚ ਚਲੇ ਗਏ।
ਇਸ ਤੋਂ ਬਾਅਦ ਕੋਚ ਕੰਡਕਟਰ ਨੇ ਰੇਲਵੇ ਕੰਟਰੋਲ ਰੂਮ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਰੇਲ ਗੱਡੀ ਕਾਨਪੁਰ ਸੈਂਟਰਲ ਸ਼ਾਮ 5.45 ਵਜੇ ਪਹੁੰਚੀ, ਸੀ.ਐੱਮ.ਓ ਦੀ ਟੀਮ ਪਹਿਲਾਂ ਹੀ ਮੌਜੂਦ ਸੀ।
ਪਲੇਟਫਾਰਮ 'ਤੇ ਹੀ ਥਰਮਲ ਸਕੈਨਰ ਨਾਲ ਟੈਸਟਿੰਗ ਕੀਤੀ ਗਈ ਸੀ। ਜਾਂਚ ਵਿੱਚ ਕੋਰੋਨਾ ਦੇ ਸੰਕੇਤ ਨਹੀਂ ਦਿਖਾਈ ਦਿੱਤੇ। ਹਾਲਾਂਕਿ, ਯਾਤਰੀਆਂ ਨੇ ਉਸ ਨੂੰ ਰੇਲ ਦੇ ਕੋਚ ਵਿੱਚ ਬੈਠਣ ਨਹੀਂ ਦਿੱਤਾ। ਹੁਣ ਸਟੇਸ਼ਨ ਪ੍ਰਬੰਧਨ ਉਨ੍ਹਾਂ ਨੂੰ ਕਿਸੇ ਹੋਰ ਰੇਲ ਰਾਹੀਂ ਗਯਾ ਭੇਜਣ ਦੀ ਵਿਵਸਥਾ ਕਰ ਰਿਹਾ ਹੈ।