ਦਿੱਲੀ ’ਚ ਬੀਮਾਰੀ ਕਾਰਨ ਸੱਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਤੇ ਪਤਨੀ ਮ੍ਰਿਤਕ ਦੇਹ ਲੈ ਕੇ ਬਿਹਾਰ ਜਾ ਰਹੇ ਸਨ। ਸ਼ਿਕੋਹਾਬਾਦ ਖੇਤਰ ਵਿੱਚ ਆਗਰਾ–ਲਖਨਊ ਐਕਸਪ੍ਰੈੱਸ ਵੇਅ ਉੱਤੇ ਐਂਬੂਲੈਂਸ ਇੱਕ ਖੜ੍ਹੇ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਪੁੱਤਰ ਦੀ ਵੀ ਮੌਤ ਹੋ ਗਈ। ਪਤਨੀ ਤੇ ਐਂਬੂਲੈਂਸ ਦੇ ਦੋਵੇਂ ਡਰਾਇਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
35 ਸਾਲਾ ਸੁਸ਼ਾਂਤ ਪੁੱਤਰ ਅਜੀਤ ਕੁਮਾਰ ਨਿਵਾਸੀ ਪਟਨਾ (ਬਿਹਾਰ); ਦਿੱਲੀ ਤੋਂ ਐਂਬੂਲੈਂਸ ਕਰ ਕੇ ਪਟਨਾ ਬਿਹਾਰ ਲਈ ਨਿੱਕਲੇ ਸਨ। ਸੁਸ਼ਾਂਤ ਦੀ ਸੱਸ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਹ ਦਿੱਲੀ ਦੇ ਉੱਤਮ ਨਗਰ ਵਿਖੇ ਰਹਿੰਦੇ ਸਨ।
ਐਂਬੂਲੈਂਸ ਸਨਿੱਚਰਵਾਰ ਨੂੰ ਨਸੀਰਪੁਰ ਇਲਾਕੇ ’ਚੋਂ ਹੋ ਕੇ ਲੰਘ ਰਹੀ ਸੀ, ਤਦ ਡਰਾਇਵਰ ਨੂੰ ਨੀਂਦ ਦਾ ਝੋਂਕਾ ਆ ਗਿਆ ਤੇ ਉਹ ਅੱਗੇ ਖੜ੍ਹੇ ਟਰੱਕ ਵਿੱਚ ਜਾ ਘੁਸੀ।
ਹਾਦਸੇ ’ਚ ਮੌਕੇ ’ਤੇ ਹੀ ਸੱਸ ਦੀ ਲਾਸ਼ ਲੈ ਕੇ ਜਾ ਰਹੇ ਸੁਸ਼ਾਂਤ ਦੀ ਮੌਤ ਹੋ ਗਈ। ਪਤਨੀ ਅੰਮ੍ਰਿਤਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਹਾਦਸੇ ’ਚ ਐਂਬੂਲੈਂਸ ਦੇ ਡਰਾਇਵਰ ਸੁਸ਼ੀਲ ਪੁੱਤਰ ਵੀਰ ਸਿੰਘ ਤੇ ਇੰਦਰ ਪੁੱਤਰ ਜਮੁਨਾ ਪ੍ਰਸਾਦ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।
ਤਿੰਨੇ ਜ਼ਖ਼ਮੀਆਂ ਨੂੰ ਪਹਿਲਾਂ ਸ਼ਿਕੋਹਾਬਾਦ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਉਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।