ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਉਂਝ ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਪਿਛਲੇ ਪੰਜ ਦਿਨਾਂ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 75 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਕੇ 74 ਰੁਪਏ ਦੇ ਪਾਰ ਪੁੱਜ ਗਿਆ ਹੈ।
ਅੱਜ ਸੋਮਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ 16 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ। ਇਨ੍ਹਾਂ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ ਅੱਜ ਕ੍ਰਮਵਾਰ 74.05 ਰੁਪਏ, 79.71 ਰੁਪਏ, 76.74 ਰੁਪਏ ਅਤੇ 76.97 ਰੁਪਏ ਪ੍ਰਤੀ ਲਿਟਰ ਹੈ।
ਇੰਝ ਹੀ ਡੀਜ਼ਲ ਦੀ ਕੀਮਤ ਇਨ੍ਹਾਂ ਚਾਰੇ ਮਹਾਂਨਗਰਾਂ – ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਕ੍ਰਮਵਾਰ 65.79 ਰੁਪਏ, 69.01 ਰੁਪਏ, 68.20 ਰੁਪਏ ਅਤੇ 69.54 ਰੁਪਏ ਪ੍ਰਤੀ ਲਿਟਰ ਹੈ।
ਅੱਜ ਸੋਮਵਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ WTI ਅਤੇ ਬ੍ਰੈਂਟ ਕਰੂਡ ਵਿੱਚ ਹਰੇ ਨਿਸ਼ਾਨ ’ਚ ਕਾਰੋਬਾਰ ਹੋ ਰਿਹਾ ਹੈ। ਫ਼ਿਲਹਾਲ WTI ਅਤੇ ਬ੍ਰੈਂਟ ਕਰੂਡ ਵਿੱਚ ਕ੍ਰਮਵਾਰ 57.50 ਡਾਲਰ ਪ੍ਰਤੀ ਬੈਰਲ ਤੋਂ ਉੱਤੇ ਅਤੇ 63.30 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਦਰਜ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਘਰੇਲੂ ਵਾਅਦਾ ਬਾਜ਼ਾਰ ਮਲਟੀ ਕਮੌਡਿਟੀ ਐਕਸਚੇਂਜ ਉੱਤੇ ਕੱਚਾ ਤੇਲ ਨਵੰਬਰ ਵਾਅਦਾ 33 ਰੁਪਏ ਦੀ ਮਜ਼ਬੂਤੀ ਨਾਲ 4,134 ਰੁਪਏ ਦੇ ਪੱਧਰ ਉੱਤੇ ਬੰਦ ਹੋਇਆ।
ਤੇਲ ਮਾਰਕਿਟਿੰਗ ਕੰਪਨੀਆਂ ਆਪਣੇ ਭਾਅ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋ ਤੇ ਡੀਜ਼ਲ ਦੀਆਂ ਦਰਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6:00 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਜਾਰੀ ਕਰਦੀਆਂ ਹਨ।