ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਦੇਸ਼ ਅੰਦਰ ਬਣੇ ਰਾਕੇਟ 'ਪਿਨਾਕਾ' ਦਾ ਵੀਰਵਾਰ ਦੁਪਹਿਰ 12.05 ਵਜੇ ਉੜੀਸਾ ਦੇ ਚਾਂਦੀਪੁਰ ਤੋਂ ਸਫਲ ਪ੍ਰੀਖਣ ਕੀਤਾ। ਪਹਿਲਾਂ ਪਿਨਾਕਾ 'ਚ ਗਾਈਡ ਲਾਈਨ ਸਿਸਟਮ ਨਹੀਂ ਸੀ। ਇਸ ਨੂੰ ਹੁਣ ਐਡਵਾਂਸ ਗਾਈਡ ਲਾਈਨ ਸਿਸਟਮ ਨਾਲ ਲੈਸ ਕੀਤਾ ਗਿਆ ਹੈ।
ਸੂਤਰਾਂ ਮੁਤਾਬਿਕ ਇਸ ਬਦਲਾਅ ਨਾਲ ਪਿਨਾਕਾ ਦੀ ਮਾਰਕ ਸਮਰੱਥਾ ਅਤੇ ਸਟੀਕਤਾ ਦੋਵੇਂ ਵੱਧ ਗਈ ਹੈ। ਪਹਿਲਾਂ ਇਸ ਦੀ ਮਾਰਕ ਸਮਰੱਥਾ 40 ਕਿਲੋਮੀਟਰ ਸੀ, ਜੋ ਹੁਣ ਵੱਧ ਕੇ 75 ਕਿਲੋਮੀਟਰ ਹੋ ਗਈ ਹੈ। ਚਾਂਦੀਪੁਰ ਦੇ ਰੱਖਿਆ ਖੇਤਰ 'ਚ ਰਡਾਰ ਇਲੈਕਟ੍ਰੋ ਆਪਟਿਕਲ ਸਿਸਟਮ, ਟੈਲੀਮੇਟਰੀ ਸਿਸਟਮ ਨੇ ਪਿਨਾਕਾ ਰਾਕੇਟ ਦੇ ਪੂਰੇ ਰਸਤੇ ਦੀ ਨਿਗਰਾਨੀ ਕੀਤੀ। ਪਿਨਾਕਾ ਨੂੰ ਪੁਣੇ ਦੇ ਅਮਾਰਟਮੈਂਟ ਰਿਸਰਚ ਐਂਡ ਡਿਵੈਲਪਮੈਂਟ ਸਟਾਬਲਿਸਮੈਂਟ, ਆਰਸੀਆਈ ਅਤੇ ਹੈਦਰਾਬਾਦ ਦੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬੋਰੇਟਰੀ ਨੇ ਮਿਲ ਕੇ ਤਿਆਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਡੀਆਰਡੀਓ ਅਤੇ ਰੂਸ ਦੇ ਵਿਗਿਆਨੀਆਂ ਨੇ ਜ਼ਮੀਨ ਤੋਂ ਜ਼ਮੀਨ ਤਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਬ੍ਰਹਮੋਸ ਦਾ ਚਾਂਦੀਪੁਰ ਆਈਟੀਆਰ ਦੇ ਐਲ.ਸੀ.-3 ਤੋਂ ਸਫਲਤਾਪੂਰਨ ਪ੍ਰੀਖਣ ਕੀਤਾ ਸੀ। ਇਹ ਮਿਜ਼ਾਈਲ 300 ਕਿਲੋਗ੍ਰਾਮ ਭਾਰ ਤਕ ਵਿਸਫੋਟਕ ਲਿਜਾਣ ਅਤੇ 200 ਕਿਲੋਮੀਟਰ ਤਕ ਮਾਰਕ ਸਮਰੱਥਾ ਨਾਲ ਲੈਸ ਹੈ।