ਦੁਨੀਆ ਭਰ 'ਚ 9 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਕੋਰੋਨਾ ਵਾਇਰਸ ਹੁਣ ਭਾਰਤ 'ਚ ਵੀ ਤੇਜ਼ੀ ਨਾਲ ਫ਼ੈਲ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 2000 ਤੋਂ ਪਾਰ ਪਹੁੰਚ ਗਈ, ਜਦਕਿ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫ਼ੈਲ ਰਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਨੂੰ ਸਹਿਯੋਗ ਦੇਣ ਲਈ ਵੀਰਵਾਰ ਨੂੰ ਵੀ ਜਨਤਕ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਵੱਲੋਂ ਵਿੱਤੀ ਯੋਗਦਾਨ ਅਤੇ ਹੋਰ ਮਦਦ ਦੀਆਂ ਪੇਸ਼ਕਸ਼ਾਂ ਦਾ ਸਿਲਸਿਲਾ ਜਾਰੀ ਰਿਹਾ।
ਕੇਂਦਰ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਨੇ ਕੋਰੋਨਾ ਵਾਇਰਸ ਬਿਮਾਰੀ ਦੇ ਇਲਾਜ ਅਤੇ ਜਾਂਚ ਸਹੂਲਤਾਂ 'ਚ ਯੋਗਦਾਨ ਪਾਉਣ ਲਈ ਆਪਣੇ ਪੱਧਰ 'ਤੇ ਵੱਖਰੇ ਐਮਰਜੈਂਸੀ ਫੰਡ ਬਣਾਏ ਹਨ। ਦੇਸ਼ ਦੀਆਂ ਦੋ ਪ੍ਰਮੁੱਖ ਵਿੱਤੀ ਸੰਸਥਾਵਾਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (ਐਲਆਈਸੀ) ਨੇ ਪ੍ਰਧਾਨ ਮੰਤਰੀ ਸਿਵਲ ਸਹਾਇਤਾ ਅਤੇ ਐਮਰਜੈਂਸੀ ਰਾਹਤ (ਪੀਐਮ ਕੇਅਰਜ਼) ਫੰਡ ਲਈ ਲੜੀਵਾਰ 100 ਕਰੋੜ ਤੇ 105 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਕਈ ਹੋਰ ਨਵੇਂ ਦਾਨੀ ਵੀ ਮਦਦ ਲਈ ਅੱਗੇ ਆਏ :
ਆਈਆਈਐਫਸੀਐਲ ਨੇ ਟਵੀਟ ਕੀਤਾ ਕਿ ਉਸ ਨੇ ਪੀਐਮ ਕੇਰਜ਼ ਫੰਡ ਵਿੱਚ 25 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਕੰਪਨੀ ਨੇ ਇਹ ਰਾਸ਼ੀ ਆਪਣੇ ਸੀਐਸਆਰ ਫੰਡ 'ਚੋਂ ਦਿੱਤੀ ਹੈ।
ਜਨਰਲ ਬੀਮਾ ਨਿਗਮ ਨੇ ਵੀ ਕੋਰੋਨਾ ਵਾਇਰਸ ਸੰਕਟ ਨਾਲ ਲੜਨ ਲਈ 22.69 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।
ਪੈਨਸ਼ਨ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀਐਫਆਰਡੀਏ) ਨੇ ਆਪਣੇ ਮੁਲਾਜ਼ਮਾਂ ਦੀ ਤਨਖਾਹ ਦਾ ਇੱਕ ਹਿੱਸਾ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਅਦਾ ਕਰਨ ਦਾ ਵਾਅਦਾ ਕੀਤਾ ਹੈ।
ਵਿੱਤ ਮੰਤਰਾਲੇ ਅਧੀਨ ਆਉਣ ਵਾਲੇ ਸਿਕਿਉਰਿਟੀ ਪ੍ਰਿੰਟਿੰਗ ਐਂਡ ਮਾਈਨਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਵੀ 2 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਕੰਪਨੀ ਏਮਜ਼ ਦਿੱਲੀ ਲਈ 45 ਵੈਂਟੀਲੇਟਰ ਖਰੀਦੇਗੀ। ਇਸ ਤੋਂ ਇਲਾਵਾ ਕੋਵਿਡ-19 ਦੇ ਇਲਾਜ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਖਰੀਦ ਕਰੇਗੀ।
ਏਯੂ ਸਮਾਲ ਵਿੱਤ ਬੈਂਕ ਨੇ ਵੀ ਰਾਹਤ ਕਾਰਜਾਂ ਲਈ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਚ ਦੋ ਕਰੋੜ ਰੁਪਏ, ਦਿੱਲੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਦੇ ਰਾਹਤ ਫੰਡ ਵਿੱਚ ਹਰੇਕ ਨੂੰ 51-51 ਲੱਖ ਰੁਪਏ ਦਿੱਤੇ ਗਏ ਹਨ। ਇਸ ਦੇ ਨਾਲ ਹੀ ਰਾਜਸਥਾਨ ਸਰਕਾਰ ਨੂੰ ਜਾਂਚ ਸਹੂਲਤ 'ਚ ਸਹਾਇਤਾ ਕੀਤੀ ਹੈ।
ਪਾਲਿਸੀ ਬਾਜ਼ਾਰ ਸੰਗਠਨ ਨੇ ਕੋਵਿਡ-19 ਹੈਲਪਲਾਈਨ ਦੇ ਸਬੰਧ ਵਿੱਚ ਰਾਸ਼ਟਰੀ ਪੱਧਰ 'ਤੇ ਲੋਕਾਂ ਦੀ ਪੁੱਛਗਿੱਛ ਦਾ ਸਮਰਥਨ ਵੀ ਕਰ ਰਿਹਾ ਹੈ। ਕੰਪਨੀ ਰਾਸ਼ਟਰੀ ਸਿਹਤ ਅਥਾਰਟੀ ਲਈ ਕਾਲ ਸੈਂਟਰਾਂ ਵਿੱਚ ਸਵੈ-ਇੱਛਾ ਨਾਲ ਕਰਮਚਾਰੀਆਂ ਨੂੰ ਉਪਲੱਬਧ ਕਰਵਾ ਰਹੀ ਹੈ। ਇਹ ਕੰਮ ਗੈਰ-ਵਪਾਰਕ ਅਧਾਰ 'ਤੇ ਕੀਤਾ ਜਾ ਰਿਹਾ ਹੈ।
ਸਟੈਂਡਰਡ ਚਾਰਟਰਡ ਬੈਂਕ ਨੇ ਕੋਵਿਡ-19 ਦੀ ਲੜਾਈ 'ਚ ਸਰਕਾਰ ਦੀ ਮਦਦ ਲਈ 5 ਕਰੋੜ ਰੁਪਏ ਦੇਣ ਦਾ ਵਾਅਦਾ ਵੀ ਕੀਤਾ ਹੈ।
ਇੱਕ ਹੋਰ ਨਿੱਜੀ ਖੇਤਰ ਦੇ ਬੈਂਕ ਕਰੂਰ ਵੈਸ਼ਿਆ ਬੈਂਕ ਨੇ ਵੀ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਫੰਡ 'ਚ 5 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।