ਜਾਪਾਨ ਦੇ ਓਸਾਕਾ ਵਿਖੇ ਜੀ–20 ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਦੀ ਰਾਤ ਨੂੰ ਭਾਰਤ ਤੋਂ ਰਵਾਨਾ ਹੋ ਗਏ।
ਜਾਪਾਨ ਦੇ ਓਸਾਕਾ ਵਿਖੇ ਹੋਣ ਜਾ ਰਹੇ ਇਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਜਿਹੜੇ ਦੇਸ਼ਾਂ ਨਾਲ 10 ਦੁਵੱਲੀਆਂ ਵਾਰਤਾਵਾਂ ਕਰਨਗੇ, ਉਹ ਹਨ: ਫ਼ਰਾਂਸ, ਜਾਪਾਨ, ਇੰਡੋਨੇਸ਼ੀਆ, ਅਮਰੀਕਾ ਤੇ ਤੁਰਕੀ।
ਇਸ ਦੇ ਨਾਲ ਹੀ ਬ੍ਰਿਕਸ ਭਾਵ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਅਤੇ ਰਿਕ ਭਾਵ ਰੂਸ–ਚੀਨ–ਭਾਰਤ ਦੇ ਆਗੂਆਂ ਵਿਚਾਲੇ ਮੀਟਿੰਗ ਹੋਵੇਗੀ।
ਜੀ–20 ਸਿਖ਼ਰ ਸੰਮੇਲਨ 27–29 ਜੂਨ ਨੂੰ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਵਿੱਚ ਇਸ ਹਫ਼ਤੇ ਹੋਣ ਵਾਲੀ ਜੀ–20 ਮੀਟਿੰਗ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਆਗੂਆਂ ਨਾਲ ਮੁਲਾਕਾਤ ਕਰਨਗੇ।
ਇਸ ਦੌਰਾਨ ਵਪਾਰ ਸਮੇਤ ਕਈ ਮੁੱਦਿਆਂ ਉੱਤੇ ਚਰਚਾ ਹੋਣ ਦੀ ਆਸ ਹੈ। ਜੀ–20 ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਟਰੰਪ 27 ਜੂਨ ਨੂੰ ਰਵਾਨਾ ਹੋਣਗੇ। ਭਾਰਤ ਵਿੱਚ ਪਿੱਛੇ ਜਿਹੇ ਹੋਈਆਂ ਆਮ ਚੋਣਾਂ ਤੋਂ ਬਾਅਦ ਮੋਦੀ ਤੇ ਟਰੰਪ ਵਿਚਾਲੇ ਇਹ ਪਹਿਲੀ ਮੁਲਾਕਾਤ ਹੋਵੇਗੀ
ਟਰੰਪ ਨੇ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨੂੰ ਫ਼ੋਨ ’ਤੇ ਵਧਾਈ ਦਿੱਤੀ ਸੀ।