ਪੱਛਮੀ ਬੰਗਾਲ ਤੇ ਉਡੀਸ਼ਾ 'ਚ ਚੱਕਰਵਾਤੀ ਤੂਫ਼ਾਨ ਅਮਫ਼ਾਨ ਦੀ ਤਬਾਹੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਦੋਵਾਂ ਸੂਬਿਆਂ ਦਾ ਦੌਰਾ ਕਰਨਗੇ। ਪੀਐਮ ਮੋਦੀ ਅਮਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਚੱਕਰਵਾਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 3 ਮਹੀਨੇ ਬਾਅਦ ਕੋਈ ਦੌਰਾ ਕਰਨ ਜਾ ਰਹੇ ਹਨ। ਮੋਦੀ ਨੇ ਆਖਰੀ ਵਾਰ 29 ਫ਼ਰਵਰੀ ਨੂੰ ਦੌਰਾ ਕੀਤਾ ਸੀ, ਜਦੋਂ ਉਹ ਉੱਤਰ ਪ੍ਰਦੇਸ਼ ਦੇ ਚਿੱਤਰਕੂਟ ਤੇ ਪ੍ਰਯਾਗਰਾਜ ਗਏ ਸਨ। ਪੀਐਮ ਮੋਦੀ 83 ਦਿਨ ਬਾਅਦ ਪੱਛਮੀ ਬੰਗਾਲ ਤੇ ਉਡੀਸ਼ਾ ਦੀ ਯਾਤਰਾ 'ਤੇ ਜਾ ਰਹੇ ਹਨ।
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਗੰਭੀਰ ਚੱਕਰਵਾਤ ਤੇ ਨੁਕਸਾਨ ਕਦੇ ਨਹੀਂ ਵੇਖਿਆ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੱਕਰਵਾਤ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਕਹਾਂਗੀ।
'ਅਮਫ਼ਾਨ' ਦੀ ਤਬਾਹੀ ਤੋਂ ਬਾਅਦ ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ, "ਮੈਂ ਚੱਕਰਵਾਤੀ ਤੂਫ਼ਾਨ ਅਮਫ਼ਾਨ ਕਾਰਨ ਪੱਛਮੀ ਬੰਗਾਲ ਵਿੱਚ ਹੋਏ ਨੁਕਸਾਨ ਦੇ ਦ੍ਰਿਸ਼ ਨੂੰ ਵੇਖਿਆ ਹੈ। ਇਹ ਇੱਕ ਚੁਣੌਤੀ ਭਰਪੂਰ ਸਮਾਂ ਹੈ। ਪੂਰਾ ਦੇਸ਼ ਪੱਛਮੀ ਬੰਗਾਲ ਨਾਲ ਇਕਜੁੱਟ ਹੋ ਕੇ ਖੜ੍ਹਾ ਹੈ। ਸੂਬੇ ਦੇ ਲੋਕਾਂ ਦੀ ਭਲਾਈ ਲਈ ਅਰਦਾਸ ਕਰ ਰਿਹਾ ਹਾਂ। ਸਥਿਤੀ ਨੂੰ ਆਮ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ।"
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਅਮਫਾਨ ਨੇ ਪੱਛਮੀ ਬੰਗਾਲ 'ਚ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਉੱਥੇ 72 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਤੂਫ਼ਾਨ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਬਹੁਤ ਸਾਰੇ ਪੁਲ ਡਿੱਗ ਗਏ ਹਨ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਤਬਾਹੀ ਦਾ ਦ੍ਰਿਸ਼ ਕੋਲਕਾਤਾ ਤੇ ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ।