ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਲਗਭਗ 30 ਤੋਂ ਵੀ ਵੱਧ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਆਪਣੇ ਇਸ ਦੌਰੇ ਦੌਰਾਨ ਬਨਾਰਸ ਹਿੰਦੂ ਯੂਨੀਵਰਸਿਟੀ (BHU) ’ਚ 430 ਬਿਸਤਰਿਆਂ ਵਾਲੇ ਸੁਪਰ ਸਪੈਸ਼ਿਐਲਿਟੀ ਸਰਕਾਰੀ ਹਸਪਤਾਲ ਦਾ ਉਦਘਾਟਨ ਵੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਈਆਰਸੀਟੀਸੀ ਦੀ ਮਹਾਕਾਲ ਐਕਸਪ੍ਰੈੱਸ ਨੂੰ ਵਿਡੀਓ ਲਿੰਕ ਰਾਹੀਂ ਹਰੀ ਝੰਡੀ ਵਿਖਾਉਣਗੇ। ਰਾਤ ਭਰ ਚੱਲਣ ਵਾਲੀ ਇਹ ਰੇਲ–ਗੱਡੀ ਤਿੰਨ ਤੀਰਥ ਸਥਾਨਾਂ ਵਾਰਾਨਸੀ, ਉਜੈਨ ਤੇ ਓਂਕਾਰੇਸ਼ਵਰ ਨੂੰ ਜੋੜੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਪੰਡਤ ਦੀਨਦਿਆਲ ਉਪਾਧਿਆਇ ਯਾਦਗਾਰੀ ਕੇਂਦਰ ’ਚ ਪੰ. ਦੀਨਦਿਆਲ ਉਪਾਧਿਆਇ ਦੇ 63 ਫ਼ੁੱਟ ਉੱਚੇ ਬੁੱਤ ਤੋਂ ਪਰਦਾ ਵੀ ਹਟਾਉਣਗੇ।
ਇੰਝ ਭਾਰਤੀ ਰੇਲਵੇ ਦਾ ਜਨਤਕ ਖੇਤਰ ਦਾ ਅਦਾਰਾ IRCTC ਆਮ ਜਨਤਾ ਲਈ ਤੀਜੀ ਕਾਰਪੋਰੇਟ ਰੇਲ–ਗੱਡੀ ਸ਼ੁਰੂ ਕਰਨ ਲਈ ਤਿਆਰ ਹੈ। ਇਹ ਰੇਲ–ਗੱਡੀ ਵਾਰਾਨਸੀ ਤੋਂ ਇੰਦੌਰ ਵਿਚਾਲੇ ਚੱਲੇਗੀ ਤੇ ਇਸ ਨੂੰ ਕਾਸ਼ੀ ਮਹਾਕਾਲ ਐਕਸਪ੍ਰੈੱਸ ਦਾ ਨਾਂਅ ਦਿੱਤਾ ਗਿਆ ਹੈ। ਇਸ ਰੇਲ ਦਾ ਉਦਘਾਟਨ ਉਂਝ 20 ਫ਼ਰਵਰੀ, 2020 ਨੂੰ ਵਾਰਾਨਸੀ ਤੋਂ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਨਿਯਮਤ ਤੌਰ ’ਤੇ ਇਸ ਦੇ ਗੇੜੇ ਸ਼ੁਰੂ ਕਰ ਦਿੱਤੇ ਜਾਣਗੇ।
ਇਹ ਰੇਲ–ਗੱਡੀ ਆਈਆਰਸੀਟੀਸੀ ਵੱਲੋਂ ਚਲਾਈ ਜਾਣ ਵਾਲੀ ਲਖਨਊ–ਨਵੀਂ ਦਿੱਲੀ–ਤੇਜਸ ਅਤੇ ਅਹਿਮਦਾਬਾਦ–ਮੁੰਬਈ ਤੇਜਸ ਤੋਂ ਇਲਾਵਾ ਹੈ। ਹੁਣ ਇਹ ਤਿੰਨੇ ਰੇਲ–ਗੱਡੀਆਂ ਕਾਰਪੋਰੇਟ ਵਰਗ ’ਚ ਆ ਜਾਣਗੀਆਂ।
ਮਹਾਕਾਲ ਐਕਸਪ੍ਰੈੱਸ ਰਾਤ ਭਰ ਚੱਲੇਗੀ ਤੇ ਸੁਪਰ–ਫ਼ਾਸਟ ਏਸੀ ਰੇਲ–ਗੱਡੀ ਹੋਵੇਗੀ; ਜਿਸ ਵਿੱਚ ਬਰਥ ਵੀ ਮੌਜੂਦ ਰਹਿਣਗੀਆਂ। ਇਹ ਰੇਲ–ਗੱਡੀ ਤਿੰਨ ਜਿਓਤਿਰਲਿੰਗ – ਓਂਕਾਰੇਸ਼ਵਰ (ਇੰਦੌਰ ਲਾਗੇ), ਮਹਾਕਾਲੇਸ਼ਵਰ (ਉਜੈਨ) ਅਤੇ ਕਾਸ਼ੀ ਵਿਸ਼ਵਨਾਥ (ਵਾਰਾਨਸੀ) ਤੋਂ ਇਲਾਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੇ ਉਦਯੋਗਿਕ ਤੇ ਵਿਦਿਅਕ ਕੇਂਦਰ ਇੰਦੌਰ ਨਾਲ ਜੋੜੇਗੀ।