ਸ੍ਰੀਲੰਕਾ ਦੇ ਰਾਸ਼ਟਰਪਤੀ ਗੌਤਬਾਯਾ ਰਾਜਪਕਸ਼ੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਹਾਊਸ 'ਚ ਮੀਟਿੰਗ ਕੀਤੀ। ਮੋਦੀ ਨੇ ਸੰਯੁਕਤ ਬਿਆਨ 'ਚ ਕਿਹਾ ਕਿ ਸ੍ਰੀਲੰਕਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ 2865 ਕਰੋੜ ਰੁਪਏ (400 ਮਿਲੀਅਨ ਡਾਲਰ) ਦੇ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ। 716 ਕਰੋੜ ਰੁਪਏ ਦਾ ਕਰਜਾ ਸੋਲਰ ਪ੍ਰਾਜੈਕਟ 'ਤੇ ਖਰਚਣ ਲਈ ਦਿੱਤਾ ਜਾਵੇਗਾ।

ਮੋਦੀ ਨੇ ਕਿਹਾ ਕਿ ਭਾਰਤੀ ਆਵਾਸ ਪ੍ਰਾਜੈਕਟ ਤਹਿਤ ਸ੍ਰੀਲੰਕਾ 'ਚ ਪਹਿਲਾਂ ਹੀ 46 ਹਜ਼ਾਰ ਘਰਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਤਾਮਿਲ ਮੂਲ ਦੇ ਲੋਕਾਂ ਲਈ 14 ਹਜ਼ਾਰ ਘਰਾਂ ਦਾ ਨਿਰਮਾਣ ਜਾਰੀ ਹੈ। ਮੋਦੀ ਨੇ ਕਿਹਾ, ''ਭਾਰਤ ਨੇ ਹਮੇਸ਼ਾ ਅੱਤਵਾਦ ਦਾ ਵਿਰੋਧ ਕੀਤਾ ਹੈ। ਇਸ ਲਈ ਹਮੇਸ਼ਾ ਕੌਮਾਂਤਰੀ ਭਾਈਚਾਰੇ ਤੋਂ ਕਾਰਵਾਈ ਦੀ ਆਸ ਕੀਤੀ ਹੈ। ਇਸ ਸਾਲ ਈਸਟਰ ਮੌਕੇ ਅੱਤਵਾਦੀਆਂ ਨੇ ਪੂਰੀ ਮਨੁੱਖਤਾ 'ਤੇ ਹਮਲਾ ਕੀਤਾ। ਅੱਤਵਾਦ ਵਿਰੁੱਧ ਲੜਾਈ 'ਚ ਭਾਰਤ ਦਾ ਸਹਿਯੋਗ ਜ਼ਾਹਰ ਕਰਨ ਲਈ ਮੈਂ ਸ਼੍ਰੀਲੰਕਾ ਗਿਆ ਸੀ। ਅਸੀ ਸ੍ਰੀਲੰਕਾ ਨੂੰ ਅੱਤਵਾਦ ਨਾਲ ਮੁਕਾਬਲਾ ਕਰਨ ਲਈ 358 ਕਰੋੜ ਰੁਪਏ (50 ਮਿਲੀਅਨ ਡਾਲਰ) ਦੀ ਮਦਦ ਦਿਆਂਗੇ।''

ਇਸ ਦੇ ਨਾਲ ਹੀ ਮੋਦੀ ਨੇ ਤਮਿਲ ਭਾਈਚਾਰੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਆਸ ਹੈ ਕਿ ਗੌਤਬਾਯਾ ਤਮਿਲਾਂ ਦੇ ਮਜ਼ਬੂਤੀਕਰਨ ਲਈ ਕੰਮ ਕਰਨਗੇ। ਮੀਟਿੰਗ ਦੌਰਾਨ ਸ਼੍ਰੀਲੰਕਾ ਵਲੋਂ ਗ੍ਰਿਫਤਾਰ ਭਾਰਤੀ ਮਛੇਰਿਆਂ ਨੂੰ ਲੈ ਕੇ ਵੀ ਚਰਚਾ ਹੋਈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਨੇ ਹਿਰਾਸਤ 'ਚ ਲਈਆਂ ਗਈਆਂ ਮਛੇਰਿਆਂ ਦੀਆਂ ਕਿਸ਼ਤੀਆਂ ਨੂੰ ਛੱਡਣ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ,''ਭਾਰਤ ਦੇ ਪੁਲਿਸ ਸੰਸਥਾਨਾਂ 'ਚ ਸ਼੍ਰੀਲੰਕਾ ਦੇ ਅਧਿਕਾਰੀ ਪਹਿਲਾਂ ਹੀ ਕਾਊਂਟਰ ਟੈਰਰਿਜ਼ਮ ਦੀ ਟ੍ਰੇਨਿੰਗ ਲੈ ਰਹੇ ਹਨ। ਮੈਨੂੰ ਭਰੋਸਾ ਹੈ ਕਿ ਸ਼੍ਰੀਲੰਕਾ ਸਰਕਾਰ ਤਮਿਲਾਂ ਦੀ ਸਮਾਨਤਾ, ਵਿਕਾਸ ਅਤੇ ਸਨਮਾਨ ਲਈ ਪ੍ਰਕਿਰਿਆ ਨੂੰ ਅੱਗੇ ਵਧਾਏਗੀ। ਉੱਤਰ ਅਤੇ ਪੂਰਬ ਸਮੇਤ ਪੂਰੇ ਸ਼੍ਰੀਲੰਕਾ 'ਚ ਭਾਰਤ ਅਤੇ ਭਰੋਸੇਯੋਗ ਹਿੱਸੇਦਾਰ ਬਣੇਗਾ।'' ਇਸ ਦੇ ਨਾਲ ਹੀ ਪੀ.ਐਮ. ਮੋਦੀ ਨੇ ਸ਼੍ਰੀਲੰਕਾ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਲਈ 400 ਮਿਲੀਅਨ ਡਾਲਰ ਤੱਕ ਦੀ ਲਾਈਨ ਆਫ ਕ੍ਰੇਡਿਟ ਦੀ ਗੱਲ ਕਹੀ।

ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਤਰੱਕੀ, ਸ਼ਾਂਤੀ ਸੁਰੱਖਿਆ ਲਈ ਅਸੀਂ ਰਾਸ਼ਟਰਪਤੀ ਰਾਜਪਕਸ਼ੇ ਨਾਲ ਕੰਮ ਕਰਨ ਲਈ ਉਤਸੁਕ ਹਾਂ। ਤੁਹਾਨੂੰ ਮਿਲਿਆ ਜਨਾਦੇਸ਼ ਸ਼੍ਰੀਲੰਕਾ ਦੇ ਬਿਹਤਰ ਭਵਿੱਖ ਨੂੰ ਤੈਅ ਕਰੇਗਾ। ਦੋਹਾਂ ਦੇਸ਼ਾਂ ਦੇ ਮਜ਼ਬੂਤ ਸੰਬੰਧਾਂ ਦਾ ਆਧਾਰ ਸੰਸਕ੍ਰਿਤੀ, ਇਤਿਹਾਸਕ ਅਤੇ ਨਸਲੀ ਹੈ। ਦੋਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਵਿਕਾਸ ਅਟੁੱਟ ਹੈ। ਅਸੀਂ ਫੈਸਲਾ ਲਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਬਹੁਮੁਖੀ ਸਾਂਝੇਦਾਰੀ ਨੂੰ ਮਜ਼ਬੂਤ ਕਰਨਗੇ। ਸਾਨੂੰ ਭਰੋਸਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਨੂੰ ਮਜ਼ਬੂਤੀ ਮਿਲੇਗਾ।