ਰਾਜਸਥਾਨ ਦੇ ਅਜਮੇਰ ਵਿਖੇ ਸਥਿਤ ਮੁੱਖ ਦਰਗਾਹ ਦੇ ਦੀਵਾਨ ਸਈਅਦ ਜ਼ੈਨੁਲ ਆਬੇਦੀਨ ਅਲੀ ਖ਼ਾਨ ਨੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (POK) ਉੱਤੇ ਫ਼ੌਜ ਮੁਖੀ ਐੱਮਐੱਮ ਨਰਵਣੇ ਵੱਲੋਂ ਕੀਤੀ ਟਿੱਪਣੀ ਦਾ ਖੁੱਲ੍ਹ ਕੇ ਸੁਆਗਤ ਕੀਤਾ ਹੈ। ਦੀਵਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਵਿੱਚ ਰਲ਼ਾਉਣ ਲਈ ਜਿਹੜੇ ਵੀ ਉਚਿਤ ਕਦਮ ਹਨ, ਉਹ ਭਾਰਤੀ ਫ਼ੌਜ ਚੁੱਕੇ। ਇਸ ਲਈ ਭਾਰਤੀ ਫ਼ੌਜ ਨੂੰ ਹਦਾਇਤਾਂ ਦਿੱਤੀਆਂ ਜਾਣ।
ਟੀਵੀ ਚੈਨਲ ‘ਨਿਊਜ਼ ਨੇਸ਼ਨ’ ਤੇ ‘ਨਿਊਜ਼ ਸਟੇਟ’ ਨੇ ਇਸ ਖ਼ਬਰ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤਾ ਹੈ। ਦੋਵੇਂ ਟੀਵੀ ਚੈਨਲਾਂ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵਿਡੀਓ ਦਾ ਹਵਾਲਾ ਦਿੱਤਾ ਹੈ। ਉਸ ਵਿਡੀਓ ’ਚ ਦੀਵਾਨ–ਏ–ਅਜਮੇਰ ਸ਼ਰੀਫ਼ ਆਖਦੇ ਦਿਸਦੇ ਹਨ ਕਿ ਹਰੇਕ ਜਾਤੀ ਦਾ ਹਰ ਵਿਅਕਤੀ ਭਾਰੀ ਫ਼ੌਜ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮਕਬੂਜ਼ਾ ਕਸ਼ਮੀਰ ਸਦਾ ਭਾਰਤ ਦਾ ਹਿੱਸਾ ਰਿਹਾ ਹੈ।
ਦੀਵਾਨ ਨੇ ਇਹ ਵੀ ਕਿਹਾ ਕਿ 1948 ਤੋਂ ਲੈ ਕੇ ਹੁਣ ਤੱਕ ਅਤੇ ਭਵਿੱਖ ’ਚ ਵੀ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਹੀ ਰਹੇਗਾ।
ਚੇਤੇ ਰਹੇ ਕਿ ਜਨਰਲ ਨਰਵਣੇ ਨੇ ਸਨਿੱਚਰਵਾਰ ਨੂੰ ਆਪਣੇ ਇੱਕ ਇੰਟਰਵਿਊ ਦੌਰਾਨ ਆਖਿਆ ਸੀ ਕਿ ਜੇ ਸੰਸਦ ਚਾਹੇ, ਤਾਂ ਭਾਰਤੀ ਫ਼ੌਜ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੁੰ ਭਾਰਤ ’ਚ ਮਿਲਾਉਣ ਲਈ ਪੂਰੀ ਤਰ੍ਹਾਂ ਾਤਿਆਰ ਹੈ। ਇਸ ਤੋਂ ਬਾਅਦ ਹੁਣ ਐਤਵਾਰ ਨੂੰ ਅਜਮੇਰ ਸ਼ਰੀਫ਼ ਦੀ ਦਰਗਾਹ ਦੇ ਦੀਵਾਨ ਦਾ ਇਹ ਬਿਆਨ ਆ ਗਿਆ ਹੈ।
ਵਿਡੀਓ ’ਚ ਦੀਵਾਨ ਆਖਦੇ ਹਨ ਕਿ ਜੇ ਭਾਰਤੀ ਫ਼ੌਜ ਤਿਆਰ ਹੈ, ਤਾਂ ਅਸੀਂ ਕਿਹੜੀ ਗੱਲ ਦੀ ਉਡੀਕ ਕਰ ਰਹੇ ਹਾਂ? ਮੈਂ ਭਾਰਤੀ ਫ਼ੌਜ ਮੁਖੀ ਦੇ ਬਿਆਨ ਤੋਂ ਬਹੁਤ ਖ਼ੁਸ਼ ਹਾਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ 1994 ’ਚ ਪਾਸ ਹੋਏ ਪ੍ਰਸਤਾਵ ਉੱਤੇ ਕੰਮ ਕਰੇ, ਜਿਸ ਵਿੱਚ ਕਿਹਾ ਗਿਆ ਹੈ ਕਿ POK ਦਾ ਕਸ਼ਮੀਰ ਵਿੱਚ ਰਲ਼ੇਵਾਂ ਕਰਵਾਇਆ ਜਾਵੇਗਾ।
ਦੀਵਾਨ ਸਈਅਦ ਜ਼ੈਨੁਲ ਆਬੇਦੀਨ ਅਲੀ ਖ਼ਾਨ ਨੇ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਦੇਹਨ ਕਿ POK ਨੂੰ ਭਾਰਤ ਵਿੱਚ ਰਲਾਉਣ ਲਈ ਜਿਹੜਾ ਵੀ ਵਾਜਬ ਕਦਮ ਹੈ, ਉਹ ਭਾਰਤੀ ਫ਼ੌਜ ਉਠਾ ਸਕੇ; ਇਸ ਲਈ ਭਾਰਤੀ ਫ਼ੌਜ ਨੂੰ ਹਦਾਇਤਾਂ ਜਾਰੀ ਕੀਤੀਆ ਜਾਣ।