ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਕੈਂਪਸ ਚ ਅੱਜ ਦਿੱਲੀ ਪੁਲਿਸ ਅਤੇ ਵਕੀਲਾਂ ਦਰਮਿਆਨ ਝੜਪ ਹੋ ਗਈ। ਇਸ ਦੌਰਾਨ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਜ਼ਖਮੀ ਹਾਲਤ ਚ ਇਕ ਵਕੀਲ ਨੂੰ ਸੇਂਟ ਸਟੀਫਨ ਹਸਪਤਾਲ ਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਕਵਰੇਜ ਲਈ ਪਹੁੰਚੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ ਗਈ। ਹੰਗਾਮੇ ਦੇ ਬਾਅਦ ਤੋਂ ਹੀ ਕੈਂਪਸ ਵਿਚ ਤਣਾਅ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਪਾਰਕਿੰਗ ਨੂੰ ਲੈ ਕੇ ਹੋਇਆ ਸੀ।
ਤੀਸ ਹਜ਼ਾਰੀ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਜੈ ਬਿਸਵਾਲ ਨੇ ਦੱਸਿਆ ਕਿ ਜਦੋਂ ਉਹ ਅਦਾਲਤ ਆ ਰਹੇ ਸੀ ਤਾਂ ਇੱਕ ਪੁਲਿਸ ਵਾਹਨ ਨੇ ਇੱਕ ਵਕੀਲ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ। ਜਦੋਂ ਵਕੀਲ ਨੇ ਇਸ ‘ਤੇ ਇਤਰਾਜ਼ ਜਤਾਇਆ ਤਾਂ ਉਸਦਾ ਮਜ਼ਾਕ ਉਡਾਇਆ ਤੇ 6 ਪੁਲਿਸ ਮੁਲਾਜ਼ਮ ਉਸ ਨੂੰ ਅੰਦਰ ਲੈ ਗਏ ਤੇ ਉਸ ਨਾਲ ਕੁੱਟਮਾਰ ਕੀਤੀ। ਜਦੋਂ ਲੋਕਾਂ ਨੇ ਇਹ ਵੇਖਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ।
ਵਕੀਲਾਂ ਨੇ ਪੁਲਿਸ 'ਤੇ ਉਨ੍ਹਾਂ 'ਤੇ ਫਾਇਰਿੰਗ ਕਰਨ ਦਾ ਦੋਸ਼ ਲਾਇਆ ਹੈ, ਪਰ ਪੁਲਿਸ ਨੇ ਅਜੇ ਤੱਕ ਦੋਸ਼ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਜਦੋਂ ਕਿ ਮੁੱਢਲੀ ਰਿਪੋਰਟ ਚ ਕਿਹਾ ਗਿਆ ਹੈ ਕਿ ਪਾਰਕਿੰਗ ਵਿਵਾਦ ਹੋ ਜਾਣ ਕਾਰਨ ਝੜਪ ਹੋਈ ਸੀ, ਪਰ ਪੁਲਿਸ ਵਲੋਂ ਹਾਲੇ ਚੁੱਪੀ ਵੱਟੀ ਹੋਈ ਹੈ।
ਮੌਕੇ 'ਤੇ ਸਥਿਤੀ ਤਣਾਅਪੂਰਨ ਹੈ ਜਦਕਿ ਹੁੜਦੰਗ ਮਚਾਉਣ ਵਾਲਿਆਂ ਨੂੰ ਇਮਾਰਤ ਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਕੁਝ ਗੇਟ ਬੰਦ ਕਰ ਦਿੱਤੇ ਹਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹਨ।