ਰਾਜਸਥਾਨ ਪੁਲਿਸ ਦੇ ਇੱਕ ਕਾਂਸਟੇਬਲ ਦਾ ਕੁਝ ਅਣਪਛਾਤੇ ਵਿਅਕਤੀਆਂ ਨੇ ਕੁੱਟ–ਕੁੱਟ ਕੇ ਕਤਲ ਕਰ ਦਿੱਤਾ। 45 ਸਾਲਾ ਕਾਂਸਟੇਬਲ ਅਬਦੁਲ ਗ਼ਨੀ ਜ਼ਮੀਨ ਦਾ ਇੱਕ ਝਗੜਾ ਸੁਲਝਾਉਣ ਲਈ ਰੋਹ ’ਚ ਆਈ ਇੱਕ ਭੀੜ ਵਿੱਚ ਚਲਾ ਗਿਆ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਵਾਰਦਾਤ ਰਾਜਸਥਾਨ ਸੂਬੇ ਦੇ ਰਾਜਸਮੰਦ ਜ਼ਿਲ੍ਹੇ ’ਚ ਪੈਂਦੇ ਪਿੰਡ ਬੇਰ ਦੀ ਹੈ। ਮ੍ਰਿਤਕ ਕਾਂਸਟੇਬਲ ਭੀਲਵਾੜਾ ਦੇ ਜਹਾਜ਼ਪੁਰ ਦਾ ਰਹਿਣ ਵਾਲਾ ਸੀ।
ਅਬਦੁਲ ਗ਼ਨੀ ਜਦੋਂ ਬਾਈਕ ’ਤੇ ਘਰ ਪਰਤ ਰਿਹਾ ਸੀ; ਤਦ ਚਾਰ–ਪੰਜ ਅਣਪਛਾਤੇ ਵਿਅਕਤੀਆਂ ਨੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿੱਚ ਜ਼ਖ਼ਮੀ ਗ਼ਨੀ ਨੂੰ ਕੁਝ ਰਾਹਗੀਰਾਂ ਨੇ 108–ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਪਰ ਉੱਥੇ ਉਹ ਦਮ ਤੋੜ ਗਿਆ।
ਅੱਜ ਐਤਵਾਰ ਨੂੰ ਅਬਦੁਲ ਗ਼ਨੀ ਦੀ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਕੀਤਾ ਜਾਵੇਗਾ। ਉੱਧਰ ਪੁਲਿਸ ਮੁਲਜ਼ਮਾਂ ਦੀ ਫੜੋ–ਫੜੀ ਵਿੱਚ ਲੱਗੀ ਹੋਈ ਹੈ।
ਅਸਲ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦੇ ਜਤਨ ਜਾਰੀ ਹਨ। ਪੁਲਿਸ ਇਸ ਨੂੰ ਭੀੜ ਵੱਲੋਂ ਕੁੱਟਮਾਰ ਦਾ ਮਾਮਲਾ ਨਹੀਂ ਮੰਨ ਰਹੀ।