ਅਗਲੀ ਕਹਾਣੀ

ਯੂਪੀ `ਚ ਭੀੜ ਵੱਲੋਂ ਪਥਰਾਅ, ਇੱਕ ਪੁਲਿਸ ਇੰਸਪੈਕਟਰ ਤੇ ਨੌਜਵਾਨ ਦੀ ਮੌਤ

ਯੂਪੀ `ਚ ਭੀੜ ਵੱਲੋਂ ਪਥਰਾਅ, ਇੱਕ ਪੁਲਿਸ ਇੰਸਪੈਕਟਰ ਤੇ ਨੌਜਵਾਨ ਦੀ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ `ਚ ਸੋਮਵਾਰ ਨੂੰ ਗਊ-ਹੱਤਿਆ ਤੋਂ ਬਾਅਦ ਹੋਏ ਹੰਗਾਮੇ ਦੌਰਾਨ ਰੋਹ `ਚ ਆਈ ਭੀੜ ਨੇ ਸਿਆਨਾ ਥਾਣੇ ਦੇ ਇੰਸਪੈਕਟਰ ਨੂੰ ਪਥਰਾਅ ਨਾਲ ਹੀ ਮਾਰ ਦਿੱਤਾ। ਗੁੱਸੇ `ਚ ਆਈ ਭੀੜ ਨੇ ਪੁਲਿਸ `ਤੇ ਪਥਰਾਅ ਕਰਦਿਆਂ ਪੁਲਿਸ ਦੇ ਕਈ ਵਾਹਨ ਸਾੜ ਦਿੱਤੇ ਤੇ ਚਿੰਗਰਾਵਠੀ ਪੁਲਿਸ ਚੌਕੀ ਨੂੰ ਅੱਗ ਵੀ ਲਾ ਦਿੱਤੀ।


ਏਡੀਜੀ (ਕਾਨੂੰਨ ਤੇ ਵਿਵਸਥਾ) ਆਨੰਦ ਕੁਮਾਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇੰਸਪੈਕਟਰ ਸੁਬੋਧ ਕੁਮਾਰ ਦੀ ਮੌਤ ਪੱਥਰ ਲੱਗਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ `ਤੇ ਪਿੰਡ ਵਾਲਿਆਂ ਨੇ ਗੋਲੀਬਾਰੀ ਵੀ ਕੀਤੀ। ਹੁਣ ਹਾਲਾਤ ਕਾਬੂ ਹੇਠ ਹਨ।


ਖੇਤ ਵਿੱਚ ਗਊਆਂ ਦਾ ਮਾਸ ਮਿਲਿਆ ਸੀ, ਜਿਸ ਤੋਂ ਬਾਅਦ ਭੀੜ ਉਤੇਜਿਤ ਹੋ ਗਈ ਸੀ। ਸੀਓ ਐੱਸਪੀ ਸ਼ਰਮਾ ਨੇ ਇਸ ਮਾਮਲੇ `ਚ ਸਿਆਨਾ ਕੋਤਵਾਲ ਸੁਬੋਧ ਕੁਮਾਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ `ਚ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਨੌਜਵਾਨ ਸੁਮਿਤ ਦੀ ਵੀ ਮੌਤ ਹੋ ਗਈ ਹੈ।


ਦੱਸਿਆ ਜਾ ਰਿਹਾ ਹੈ ਕਿ ਥਾਣਾ ਕੋਤਵਾਲੀ ਖੇਤਰ ਦੇ ਪਿੰਡ ਮਹਾਓ ਦੇ ਜੰਗਲ ਵਿੱਚ ਐਤਵਾਰ ਦੀ ਰਾਤ ਨੂੰ ਅਣਪਛਾਤੇ ਲੋਕਾਂ ਨੇ ਲਗਭਗ 25-30 ਗਊਆਂ ਵੱਢ ਸੁੱਟੀਆਂ। ਇਸ ਘਟਨਾ ਤੋਂ ਬਾਅਦ ਕਈ ਹਿੰਦੂ ਜੱਥੇਬੰਦੀਆਂ ਸਮੇਤ ਹੋਰ ਲੋਕਾਂ ਵਿੰਚ ਰੋਹ ਫੈਲ ਗਿਆ।


ਗੁੱਸੇ `ਚ ਲੋਕ ਘਟਨਾ ਸਥਾਨ `ਤੇ ਪੁੱਜੇ ਤੇ ਗਊਆਂ ਦੇ ਕੱਟੇ ਅੰਗਾਂ ਨੂੰ ਟਰੈਕਟਰ-ਟਰਾਲੀ `ਚ ਭਰ ਕੇ ਚਿੰਗਰਾਵਠੀ ਪੁਲਿਸ ਚੌਕੀ ਪੁੱਜੇ। ਰੋਹ `ਚ ਆਈ ਭੀੜ ਨੇ ਬੁਲੰਦਸ਼ਹਿਰ-ਗੜ੍ਹ ਸਟੇਟ ਹਾਈਵੇਅ `ਤੇ ਟਰੈਕਟਰ-ਟਰਾਲੀ ਲਾ ਕੇ ਰਸਤਾ ਜਾਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ `ਤੇ ਐੱਸਡੀਐੱਮ ਅਵਿਨਾਸ਼ ਕੁਮਾਰ ਮੌਰਿਆ ਤੇ ਸੀਓ ਐੱਸਪੀ ਸ਼ਰਮਾ ਪੁੱਜੇ ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਪੁਲਿਸ `ਤੇ ਪਥਰਾਅ ਸ਼ੁਰੂ ਹੋ ਗਿਆ।


ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੇਕਾਬੂ ਭੀੜ ਨੇ ਪੁਲਿਸ ਦੇ ਕਈ ਵਾਹਨ ਸਾੜ ਦਿੱਤੇ। ਨਾਲ ਹੀ ਚਿੰਗਰਾਵਠੀ ਪੁਲਿਸ ਚੌਕੀ ਨੂੰ ਅੱਗ ਲਾ ਦਿੱਤੀ।


ਭੀੜ ਪੱਥਰਬਾਜ਼ੀ `ਚ ਸਿਆਨਾ ਦੇ ਥਾਣੇਦਾਰ ਸੁਬੋਧ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਸਪਤਾਲ `ਚ ਇਲਾਜ ਦੌਰਾਨ ਮੌਤ ਹੋ ਗਈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Police inspector and youth lynched in UP