ਗੋਰਖਪੁਰ ’ਚ ਮਹਿਲਾ ਥਾਣਾ ਇੰਚਾਰਜ ਰਹੀ ਡਾ. ਸ਼ਾਲਿਨੀ ਸਿੰਘ ਨੇ ਪੀਆਰਡੀ ਦੀ ਮਹਿਲਾ ਸਿਪਾਹੀ ਸ਼ਰਮੀਲਾ ਗੌਤਮ ਨੂੰ ਜੁੱਤੀਆਂ ਪਾਲਿਸ਼ ਨਾ ਕਰਨ ਉੱਤੇ ਪਹਿਲਾਂ ਅਪਮਾਨਿਤ ਕੀਤਾ ਤੇ ਫਿਰ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਇਹ ਮਾਮਲਾ ਗੰਭੀਰਤਾ ਨਾਲ ਨਹੀਂ ਲਿਆ, ਤਾਂ ਪੀੜਤ ਮਹਿਲਾ ਸਿਪਾਹੀ ਨੇ ਇਹ ਮਾਮਲਾ 156(3) ਅਧੀਨ ਅਦਾਲਤ ਤੱਕ ਪਹੁੰਚਾਇਆ ਹੈ।
ਅਦਾਲਤ ਨੇ ਇਸ ਅਰਜ਼ੀ ਨੂੰ ਦਾਖ਼ਲ ਕਰ ਲਿਆ ਹੈ। ਪਹਿਲੀ ਨਜ਼ਰੇ ਦੋਸ਼ ਸਹੀ ਪਾਏ ਜਾਣ ’ਤੇ ACJM ਸ਼ਿਵ ਕੁਮਾਰ ਨੇ ਪੁੱਛਗਿੱਛ ਲਈ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਤਲਬ ਕੀਤਾ ਹੈ।
ਪੀੜਤ ਕਾਂਸਟੇਬਲ ਦੇ ਵਕੀਲ ਕੇਵਲ ਦੂਬੇ ਨੇ ਕਿਹਾ ਕਿ ਪੀੜਤ ਪੀਆਰਡੀ ਦੀ ਮਹਿਲਾ ਸਿਪਾਹੀ ਗੋਰਖਪੁਰ ਮਹਿਲਾ ਥਾਣੇ ਵਿੱਚ ਤਾਇਨਾਤ ਹੈ ਤੇ ਅਨੁਸੂਚਿਤ ਜਾਤੀ ਦੀ ਹੈ। ਉਦੋਂ ਦੀ ਥਾਣਾ ਇੰਚਾਰਜ ਨੇ 14 ਅਗਸਤ, 2018 ਨੂੰ ਦਿਨੇ 11 ਵਜੇ ਮਹਿਲਾ ਕਾਂਸਟੇਬਲ ਨੂੰ ਸੱਦਿਆ ਤੇ 15 ਅਗਸਤ ਦੇ ਮੁੱਖ ਸਮਾਰੋਹ ਮੌਕੇ ਪਹਿਨਣ ਲਈ ਜੁੱਤੀਆਂ ਚਮਕਾ ਕੇ ਲਿਆਉਣ ਲਈ ਆਖਿਆ।
ਦੋਸ਼ ਹੈ ਕਿ ਪੀਆਰਡੀ ਮਹਿਲਾ ਕਾਂਸਟੇਬਲ ਨੇ ਜੁੱਤੀਆਂ ਪਾਲਿਸ਼ ਕਰਨ/ਕਰਵਾਉਣ ਤੋਂ ਨਾਂਹ ਕਰ ਦਿੱਤੀ, ਤਾਂ ਥਾਣਾ ਇੰਚਾਰਜ ਨੇ ਪਹਿਲਾਂ ਉਸ ਨੂੰ ਅਪਮਾਨਿਤ ਕੀਤਾ ਤੇ ਧਮਕੀ ਦਿੱਤੀ।
ਫਿਰ ਉਸ ਵੇਲੇ ਪਹਿਰੇ ’ਤੇ ਤਾਇਨਾਤ ਕੁਝ ਹੋਰ ਪੁਲਿਸ ਮੁਲਾਜ਼ਮਾਂ ਤੋਂ ਉਸ ਲੇਡੀ ਸਿਪਾਹੀ ਦੀ ਲੱਤਾਂ ਤੇ ਘਸੁੰਨਾਂ ਨਾਲ ਕੁੱਟਮਾਰ ਕਰਵਾਈ। ਉਸ ਦੀ ਕਨਪਟੀ ਉੱਤੇ ਰਾਈਫ਼ਲ ਲਾ ਕੇ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ।
ਪੀੜਤ ਲੇਡੀ ਸਿਪਾਹੀ ਨੇ ਐੱਸਐੱਸਪੀ ਕੋਲ ਸ਼ਿਕਾਇਤ ਕੀਤੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।