ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਚ 25 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਣ ਵਾਲੇ ਬੇਰਹਿਮ ਸੁਭਾਸ਼ ਬਾਥਮ ਦੀ ਧੀ ਨੂੰ ਪੁਲਿਸ ਵਿਭਾਗ ਅਪਣਾ ਸਕਦਾ ਹੈ। ਸੁਭਾਸ਼ ਨੇ ਫਰੂਖਾਬਾਦ ਦੇ ਕਾਰਥੀਆ ਪਿੰਡ ਵਿੱਚ 25 ਬੱਚਿਆਂ ਨੂੰ ਬੰਧਕ ਬਣਾ ਲਿਆ ਸੀ। ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਸੁਭਾਸ਼ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ। ਗੋਲੀ ਲੱਗਦਿਆਂ ਹੀ ਦੋਸ਼ੀ ਦੀ ਮੌਤ ਹੋ ਗਈ ਸੀ।
ਆਈਜੀ ਕਾਨਪੁਰ (ਸੀਮਾ) ਮੋਹਿਤ ਅਗਰਵਾਲ ਨੇ ਕਿਹਾ, “ਬਾਥਮ ਦੇ ਪਰਿਵਾਰਕ ਮੈਂਬਰਾਂ ਚੋਂ ਕਿਸੇ ਨੇ ਵੀ ਉਸਦੀ ਇਕ ਸਾਲ ਦੀ ਬੇਟੀ ਨੂੰ ਗੋਦ ਲੈਣ ਲਈ ਸਾਡੇ ਨਾਲ ਸੰਪਰਕ ਨਹੀਂ ਕੀਤਾ। ਜੇਕਰ ਕੋਈ ਨਹੀਂ ਪੁੱਜਦਾ ਹੈ ਤਾਂ ਅਸੀਂ ਇਹ ਪੱਕਾ ਕਰਾਂਗੇ ਕਿ ਸਾਡੇ ਅਜਿਹੇ ਕਰਮਚਾਰੀ ਦੁਆਰਾ ਬੱਚੀ ਨੂੰ ਗੋਦ ਲਿਆ ਜਾਵੇ ਜਿਸਦੀ ਕੋਈ ਓਲਾਦ ਨਾ ਹੋਵੇ।
ਆਈਜੀ ਨੇ ਕਿਹਾ ਕਿ ਨਵੇਂ ਮਾਪੇ ਮਿਲਣ ਤਕ ਬੱਚੀ ਪੁਲਿਸ ਹਿਰਾਸਤ ਚ ਰਹੇਗੀ ਤੇ ਵਿਭਾਗ ਉਸ ਦੇ ਸਾਰੇ ਖਰਚਿਆਂ ਨੂੰ ਚੁੱਕੇਗਾ। ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਜਾਏਗਾ ਕਿ ਬੱਚੀ ਦੀ ਪੜ੍ਹਾਈ ਦਾ ਖਰਚਾ ਵੀ ਪੁਲਿਸ ਵਿਭਾਗ ਚੁੱਕੇਗਾ ਤੇ ਉਹ ਚੰਗੀ ਸਿੱਖਿਆ ਹਾਸਲ ਕਰ ਸਕੇਗੀ। ਪੁਲਿਸ ਨੇ ਬਾਥਮ ਦੀ ਮਾਂ ਸੂਰਜਾ ਦੇਵੀ ਨਾਲ ਵੀ ਸੰਪਰਕ ਕੀਤਾ ਪਰ ਉਸਦੇ ਪੱਖ ਤੋਂ ਕੋਈ ਜਵਾਬ ਨਹੀਂ ਮਿਲਿਆ।
ਯਾਦ ਰਹੇ ਕਿ ਬੀਤੇ ਵੀਰਵਾਰ ਦੀ ਰਾਤ ਨੂੰ ਬੱਚੀ ਦੇ ਜਨਮਦਿਨ ਦੇ ਬਹਾਨੇ ਧੀ ਦੇ ਪਿਓ ਨੇ 25 ਬੱਚਿਆਂ ਨੂੰ ਅਗਵਾ ਕਰ ਲਿਆ ਸੀ। ਬਾਅਦ ਚ ਉਸ ਰਾਤ ਬਾਥਮ ਇਕ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਸੀ। ਨਾਰਾਜ਼ ਭੀੜ ਨੇ ਸੁਭਾਸ਼ ਬਾਥਮ ਦੀ ਪਤਨੀ ਰੂਬੀ ਦੀ ਕੁੱਟਮਾਰ ਕਰਦਿਆਂ ਜਾਨੋ ਮਾਰ ਦਿੱਤਾ ਸੀ। ਕਾਰਵਾਈ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਸਦੀ ਬੱਚੀ ਨੂੰ ਬਾਥਮ ਦੇ ਘਰ ਤੋਂ ਬਚਾਇਆ ਸੀ।