ਹਰ ਸਾਲ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਨੂੰ ਵੀ ਹੁਣ ਸਿਆਸਤ ਦਾ ਅਖਾੜਾ ਬਣਾ ਦਿੱਤਾ ਗਿਆ ਹੈ। ਕੱਲ੍ਹ ਪੱਛਮੀ ਬੰਗਾਲ ਦੀ ਪ੍ਰਸਤਾਵਿਤ ਝਾਕੀ ਰੱਦ ਕਰ ਦਿੱਤੀ ਗਈ ਸੀ। ਫਿਰ ਮਹਾਰਾਸ਼ਟਰ ਦੀ ਝਾਕੀ ਰੱਦ ਹੋਣ ਦੀ ਖ਼ਬਰ ਆਈ ਸੀ ਤੇ ਹੁਣ ਬਿਹਾਰ ਦੀ ਝਾਕੀ ਵੀ ਰੱਦ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ।
ਇਹ ਪ੍ਰਸਤਾਵ ਰੱਦ ਹੋਣ ਦਾ ਮਤਲਬ ਇਹ ਹੈ ਕਿ ਐਤਕੀਂ 26 ਜਨਵਰੀ, 2020 ਨੂੰ ਰਾਜਪਥ ਉੱਤੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਇਨ੍ਹਾਂ ਸੂਬਿਆਂ ਦੀਆਂ ਝਾਕੀਆਂ ਵਿਖਾਈ ਨਹੀਂ ਦੇਣਗੀਆਂ। ਸਪੱਸ਼ਟ ਹੈ ਕਿ ਪੱਛਮੀ ਬੰਗਾਲ ਤੇ ਮਹਾਰਾਸ਼ਟਰ ’ਚ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀਆਂ ਸਰਕਾਰਾਂ ਨਹੀਂ ਹਨ – ਇਸ ਲਈ ਅਜਿਹਾ ਕੀਤਾ ਗਿਆ ਹੈ।
ਬਿਹਾਰ ਦਾ ਜਨਤਾ ਦਲ (ਯੂਨਾਈਟਿਡ) ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਭਾਜਪਾ ਤੋਂ ਕੋਈ ਬਹੁਤੇ ਖ਼ੁਸ਼ ਨਹੀਂ ਹਨ – ਇਸੇ ਕਰਕੇ ਹੁਣ ਭਾਜਪਾ ਨੇ ਉਸ ਨੂੰ ਵੀ ਇਹ ਝਾਕੀ ਰੱਦ ਹੋਣ ਦਾ ਝਟਕਾ ਦੇ ਦਿੱਤਾ ਹੈ।
ਦਿੱਲੀ ਸਥਿਤ ਬਿਹਾਰ ਸੂਚਨਾ ਕੇਂਦਰ ਦੇ ਸੁਤਰਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਸੂਬੇ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ। ਕੇਂਦਰੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਹ ਰਾਜਾਂ ਦੀਆਂ ਝਾਕੀਆਂ ਦੀ ਚੋਣ ਲਈ ਰੱਖੇ ਮਾਪਦੰਡਾਂ ਉੱਤੇ ਪੂਰੀਆਂ ਨਹੀਂ ਉੱਤਰ ਸਕੀਆਂ।
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜ ਵਿੱਚ ਹਰਿਆਲੀ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਵਾਸਤੇ ਹੱਲਾਸ਼ੇਰੀ ਦੇਣ ਲਈ ਅਕਤੂਬਰ 2019 ’ਚ ‘ਜਲ–ਜੀਵਨ ਹਰਿਆਲੀ ਮਿਸ਼ਨ’ ਦੀ ਸ਼ੁਰੂਆਤ ਕੀਤੀ ਸੀ। ਬਿਹਾਰ ਨੇ ਇਸੇ ਥੀਮ ਉੱਤੇ ਆਧਾਰਤ ਝਾਕੀ ਦਾ ਪ੍ਰਸਤਾਵ ਦਿੱਤਾ ਸੀ।
ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਝਾਕੀ ਦਾ ਪ੍ਰਸਤਾਵ ਰੱਦ ਹੋਣ ’ਤੇ ਕੇਂਦਰ ਦੀ ਐੱਨਡੀਏ ਸਰਕਾਰ ਉੱਤੇ ਸਿਆਸੀ ਹਮਲਾ ਬੋਲਦਿਆਂ ਉਸ ਉੱਤੇ ਬਿਹਾਰ ਦੇ ਲੋਕਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।