ਹਰਿਆਣਾ ਦੀ 14ਵੀਂ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਭਲਕੇ ਸੋਮਵਾਰ 21 ਅਕਤੂਬਰ ਨੂੰ ਸਵੇਰੇ ਸ਼ੁਰੂ ਹੋ ਜਾਵੇਗਾ। ਇਸ ਸੂਬੇ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਹਨ ਤੇ ਕੁੱਲ 1,169 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 1,064 ਉਮੀਦਵਾਰ ਮਰਦ, 104 ਔਰਤਾਂ ਤੇ 1 ਉਮੀਦਵਾਰ ਤੀਜੇ ਲਿੰਗ ਨਾਲ ਸਬੰਧਤ ਹੈ।
ਹਰਿਆਣਾ ’ਚ ਸਭ ਤੋਂ ਘੱਟ ਛੇ–ਛੇ ਉਮੀਦਵਾਰ ਅੰਬਾਲਾ ਛਾਉਣੀ ਤੇ ਸ਼ਾਹਬਾਦ ਹਲਕਿਆਂ ਵਿੱਚ ਹਨ। ਸਭ ਤੋਂ ਵੱਧ 25 ਉਮੀਦਵਾਰ ਹਾਂਸੀ ’ਚ ਹਨ। ਉਂਝ ਵੋਟਰਾਂ ਦੀ ਗਿਣਤੀ ਪੱਖੋਂ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਬਾਦਸ਼ਾਹਪੁਰ ਹੈ; ਜਿੱਥੇ ਵੋਟਰਾਂ ਦੀ ਗਿਣਤੀ 3 ਲੱਖ 96 ਹਜ਼ਾਰ 281 ਹੈ।
ਹਰਿਆਣਾ ਦਾ ਸਭ ਤੋਂ ਛੋਟਾ ਵਿਧਾਨ ਸਭਾ ਹਲਕਾ ਨਾਰਨੌਲ ਹੈ; ਜਿੱਥੇ 1 ਲੱਖ 44 ਹਜ਼ਾਰ 66 ਵੋਟਰ ਹਨ। ਹਰਿਆਣਾ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1 ਕਰੋੜ 83 ਲੱਖ 90 ਹਜ਼ਾਰ 525 ਹੈ। ਇਨ੍ਹਾਂ ਵਿੱਚੋਂ 1 ਲੱਖ 7 ਹਜ਼ਾਰ 955 ਸਰਵਿਸ ਵੋਟਰ ਹਨ; ਜਦ ਕਿ 724 ਪ੍ਰਵਾਸੀ ਵੋਟਰ ਹਨ।
ਸੂਬੇ ਵਿੱਚ ਮਰਦ ਵੋਟਰਾਂ ਦੀ ਗਿਣਤੀ 98 ਲੱਖ 78 ਹਜ਼ਾਰ 42 ਮਰਦ ਹਨ ਤੇ 85 ਲੱਖ 12 ਹਜ਼ਾਰ 231 ਔਰਤਾਂ ਹਨ ਤੇ 252 ਤੀਜੇ ਲਿੰਗ ਨਾਲ ਸਬੰਧਤ ਹਨ। ਉਨ੍ਹਾਂ ਲਈ ਸੂਬੇ ਵਿੱਚ ਕੁੱਲ 19,578 ਪੋਲਿੰਗ ਸਟੇਸ਼ਨ ਬਣਾਏ ਗਏ ਹਨ; ਜਿਨ੍ਹਾਂ ਵਿੱਚੋਂ 19,425 ਰੈਗੂਲਰ ਤੇ 153 ਸਹਾਇਕ ਪੋਲਿੰਗ ਸਟੇਸ਼ਨ ਹਨ।
ਸ਼ਹਿਰੀ ਖੇਤਰਾਂ ਵਿੱਚ 5,741 ਪੋਲਿੰਗ ਸਟੇਸ਼ਨ ਹਨ; ਜਦ ਕਿ ਦਿਹਾਤੀ ਖੇਤਰਾਂ ਵਿੱਚ ਇਹ ਪੋਲਿੰਗ ਸਟੇਸ਼ਨ 13,837 ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਲਈ 29400 ਵੈਲਟ ਯੂਨਿਟਾਂ, 24899 ਕੰਟਰੋਲ ਯੂਨਿਟਾਂ ਤੇ 27611 ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ।
ਹਰਿਆਣਾ ਵਿੱਚ ਸਭ ਤੋਂ ਵੱਧ ਵੋਟਰਾਂ ਦੀ ਗਿਣਤੀ 30 ਤੋਂ 39 ਸਾਲ ਉਮਰ ਵਰਗ ਦੀ ਹੈ; ਜੋ 44 ਲੱਖ 92 ਹਜ਼ਾਰ 809 ਹੈ। ਇੰਝ ਹੀ 18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 3 ਲੱਖ 82 ਹਜ਼ਾਰ 446 ਹੈ। ਇੰਝ ਹੀ 20 ਤੋਂ 29 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 40 ਲੱਖ 67 ਹਜ਼ਾਰ 413, 40 ਤੋਂ 49 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 25 ਲੱਖ 67 ਹਜ਼ਾਰ 536 ਹੈ।
50 ਤੋਂ 59 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 27 ਲੱਖ 90 ਹਜ਼ਾਰ 783 ਹੈ ਤੇ 60 ਤੋਂ 69 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 17 ਲੱਖ 39 ਹਜ਼ਾਰ 664, 70 ਤੋਂ 79 ਸਾਲ ਉਮਰ ਦੇ ਵੋਟਰਾਂ ਦੀ ਗਿਣਤੀ 8 ਲੱਖ 22 ਹਜ਼ਾਰ 958 ਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 4 ਲੱਖ 18 ਹਜ਼ਾਰ 961 ਹੈ।
ਵੋਟਾਂ ਲਈ ਸੂਬੇ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਸੂਬੇ ਵਿੱਚ ਕੁੱਲ 4,500 ਤੋਂ ਵੱਧ ਨਾਕੇ ਲਾਏ ਗਏ ਹਨ।