ਦਿੱਲੀ ਦੇ ਮਾਨਸਰੋਵਰ ਪਾਰਕ ਇਲਾਕੇ ’ਚ ਇੱਕ ਚੋਰ ਨੇ ਸਾਰੀ ਰਾਤ ‘ਸਖ਼ਤ ਮਿਹਨਤ’ ਕਰ ਕੇ ਡਾਕਘਰ ਦੀ ਦੋ ਫੁੱਟ ਚੌੜੀ ਕੰਧ ’ਚ ਮਸਾਂ ਸੰਨ੍ਹ ਲਾਈ ਤੇ ਤਿਜੋਰੀ ਦਾ ਜਿੰਦਰਾ ਤੋੜਨ ਲਈ ਵੀ ਉਸ ਨੂੰ ਬਹੁਤ ਮੁਸ਼ੱਕਤ ਕਰਨੀ ਪਈ। ਪਰ ਉਸ ਨੂੰ ਉੱਥੇ ਸਿਰਫ਼ 487 ਰੁਪਏ ਹੀ ਮਿਲ ਸਕੇ। ਚੋਰ ਉਹ ਰਕਮ ਲੈ ਕੇ ਫ਼ਰਾਰ ਹੋ ਗਿਆ।
ਸਵੇਰੇ ਡਾਕ ਅਧਿਕਾਰੀ ਪੁੱਜੇ, ਤਾਂ ਇਸ ਸੰਨ੍ਹ ਦਾ ਪਤਾ ਲੱਗਾ। ਹੁਣ CCTV ਕੈਮਰਿਆਂ ਦੀ ਮਦਦ ਨਾਲ ਚੋਰ ਦੀ ਸ਼ਨਾਖਾ਼ਤ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ।
ਪੁਲਿਸ ਮੁਤਾਬਕ ਡਾਕਘਰ ਦੇ ਡਿਪਟੀ ਹੈੱਡ ਪੋਸਟ–ਮਾਸਟਰ ਕੁਲਦੀਪ ਵਰਮਾ ਵੱਲੋਂ ਦਾਇਰ ਕਰਵਾਈ ਗਈ ਸ਼ਿਕਾਇਤ ਮੁਤਾਬਕ ਡਾਕਘਰ ਸਨਿੱਚਰਵਾਰ ਦੀ ਸ਼ਾਮ ਨੂੰ ਚੰਗਾ–ਭਲਾ ਬੰਦ ਕੀਤਾ ਗਿਆ ਸੀ ਪਰ ਸੋਮਵਾਰ ਸਵੇਰੇ ਵੇਖਿਆ, ਤਾਂ ਉਸ ਦੀ ਪਿਛਲੀ ਕੰਧ ਵਿੱਚ ਦੋ ਫੁੱਟ ਚੌੜਾ ਪਾੜ ਲਾਇਆ ਗਿਆ ਸੀ।
ਚੋਰ ਨੇ ਇੰਨੀ ਮਿਹਨਤ ਤੋਂ ਬਾਅਦ ਕੰਧ ਤੋੜੀ ਤੇ ਤਿਜੋਰੀ ਵੀ ਤੋੜੀ। ਪੂਰੇ ਡਾਕਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਉਹ ਤਿਜੋਰੀ ’ਚ ਰੱਖੇ 487 ਰੁਪਏ ਲੈ ਕੇ ਚਲਾ ਗਿਆ।
ਸ੍ਰੀ ਵਰਮਾ ਨੇ ਦੱਸਿਆ ਕਿ ਡਾਕਘਰ ਦੀ ਬ੍ਰਾਂਚ ਵਿੱਚ ਮੌਜੂਦ ਸਾਰੀ ਰਕਮ ਰੋਜ਼ਾਨਾ ਮੁੱਖ ਦਫ਼ਤਰ ’ਚ ਭੇਜ ਦਿੱਤੀ ਜਾਂਦੀ ਹੈ, ਜਿਸ ਕਾਰਨ ਚੋਰਾਂ ਦੇ ਹੱਥ ਕੁਝ ਵੀ ਨਹੀਂ ਲੱਗਾ।