ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਦਾ ‘ਅਚਾਨਕ’ ਅਲੋਪ ਹੋਣਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਲਈ ਜ਼ਿੰਮੇਵਾਰ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਪਾਰਟੀ ਅਤੇ ਆਮ ਆਦਮੀ ਪਾਰਟੀ (ਆਪ) ਵਿੱਚ ਸਿੱਧਾ ਮੁਕਾਬਲਾ ਹੋਇਆ ਸੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 62 ਸੀਟਾਂ ਜਿੱਤੀਆਂ, ਜਦੋਂਕਿ ਭਾਜਪਾ ਨੇ ਸਿਰਫ ਅੱਠ ਸੀਟਾਂ ਜਿੱਤੀਆਂ।
ਦਿੱਲੀ ਵਿੱਚ ਲਗਾਤਾਰ ਦੂਜੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਜਾਵਡੇਕਰ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦਿੱਲੀ ਚੋਣਾਂ ਵਿੱਚ ਭਾਜਪਾ ਦੀ ਹਾਰ ਕਾਂਗਰਸ ਦੇ ਅਚਾਨਕ ਗ਼ਾਇਬ ਹੋਣ ਕਾਰਨ ਹੋਈ ਸੀ। ਇਹ ਵੱਖਰੀ ਗੱਲ ਹੈ ਕਿ ਕਾਂਗਰਸ (ਆਪਣੇ ਆਪ) ਅਲੋਪ ਹੋ ਗਈ ਜਾਂ ਲੋਕਾਂ ਨੇ ਉਸ ਨੂੰ ਅਲੋਪ ਕਰ ਦਿੱਤਾ ਜਾਂ ਉਨ੍ਹਾਂ ਦੀਆਂ ਵੋਟਾਂ ਕਿਸੇ ਹੋਰ ਜਗ੍ਹਾ (ਆਪ) ਨੂੰ ਗਈਆਂ।
ਜਾਵਡੇਕਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ 26 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਵਾਲੀ ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਚਾਰ ਪ੍ਰਤੀਸ਼ਤ ਵੋਟਾਂ ਹੀ ਮਿਲ ਸਕੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਗ਼ਾਇਬ ਹੋਣ ਨਾਲ ਭਾਜਪਾ ਅਤੇ ‘ਆਪ’ ਵਿਚਾਲੇ ਸਿੱਧਾ ਮੁਕਾਬਲਾ ਹੋਇਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਲਈ 42 ਫ਼ੀਸਦੀ ਅਤੇ ‘ਆਪ’ ਲਈ 48 ਫ਼ੀਸਦੀ ਵੋਟਾਂ ਦਾ ਅਨੁਮਾਨ ਲਗਾਇਆ ਸੀ ਪਰ ਸਾਡਾ ਅਨੁਮਾਨ ਦੋਵਾਂ ਲਈ ਤਿੰਨ ਪ੍ਰਤੀਸ਼ਤ ਨਾਲ ਅਸਫ਼ਲ ਰਿਹਾ। ਸਾਨੂੰ 39 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਜਦਕਿ ਆਪ ਨੇ 51 ਪ੍ਰਤੀਸ਼ਤ ਵੋਟਾਂ ਪ੍ਰਾਪਤ ਕੀਤੀਆਂ। ਮੰਤਰੀ ਨੇ ਕਿਹਾ ਕਿ ਚੋਣਾਂ ਵਿੱਚ ਉਤਰਾਅ-ਚੜਾਅ ਹਨ, ਪਰ ਭਾਜਪਾ ਇਨ੍ਹਾਂ ਸਭ ਗੱਲਾਂ ਦਾ ਵਿਸ਼ਲੇਸ਼ਣ ਕਰਦੀ ਹੈ।