ਪਿਆਰ ਇੱਕ ਐਸੀ ਸ਼ੈਅ ਹੈ ਜੋ ਜ਼ਿੰਦਗੀ ਆਬਾਦ ਵੀ ਕਰ ਦਿੰਦਾ ਹੈ ਅਤੇ ਕਈਆਂ ਦੀ ਜ਼ਿੰਦਗੀ ਬਰਬਾਦ ਵੀ ਕਰ ਦਿੰਦਾ ਹੈ। ਅਜਿਹਾ ਕੁਝ ਹੀ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ 'ਚ ਵੇਖਣ ਨੂੰ ਮਿਲਿਆ। ਇੱਥੇ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਇੱਕ ਵਿਅਕਤੀ ਨੇ ਆਪਣੀ ਮਾਂ, ਪਿਤਾ, ਭੈਣ ਤੇ ਪਤਨੀ ਦੀ ਹੱਤਿਆ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੂੰ ਉਸ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ ਅਤੇ ਰੋਜ਼ਾਨਾ ਘਰ 'ਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਸੇ ਕਾਰਨ ਉਸ ਨੇ ਰਸਤੇ 'ਚ ਰੁਕਾਵਟ ਬਣ ਰਹੇ ਪੂਰੇ ਪਰਿਵਾਰ ਨੂੰ ਹੀ ਜਾਨੋਂ ਮਾਰ ਦਿੱਤਾ।
ਘਟਨਾ ਪ੍ਰਯਾਗਰਾਜ 'ਚ ਪੈਂਦੇ ਨੀਵ ਚੌਕੀ ਤਹਿਤ ਆਉਂਦੇ ਪ੍ਰੀਤਮ ਨਗਰ ਦੀ ਹੈ। ਤੁਲਸੀਦਾਸ ਕੇਸਰਵਾਨੀ (63) ਘਰ 'ਚ ਹੀ ਬਿਜਲੀ ਦੀ ਦੁਕਾਨ ਚਲਾਉਂਦੇ ਸਨ। ਪਰਿਵਾਰ 'ਚ ਬੇਟਾ ਆਤਿਸ਼ ਕੇਸਰਵਾਨੀ ਤੋਂ ਇਲਾਵਾ ਪਤਨੀ ਕਿਰਨ (60), ਬੇਟੀ ਨਿਹਾਰਿਕਾ (37) ਅਤੇ ਨੂੰਹ ਪ੍ਰਿਅੰਕਾ (27) ਸਨ। ਆਤਿਸ਼ ਵੀ ਦੁਕਾਨ ਚਲਾਉਣ 'ਚ ਪਿਤਾ ਦੀ ਮਦਦ ਕਰਦਾ ਸੀ।
ਆਤਿਸ਼ ਨੇ ਪੁਲਿਸ ਨੂੰ ਪੁੱਛਗਿੱਛ 'ਚ ਦੱਸਿਆ ਕਿ ਉਸ ਨੇ ਲਵ ਮੈਰਿਜ਼ ਕੀਤੀ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ। ਇਸ ਕਾਰਨ ਦੋਵਾਂ ਵਿਚਾਲੇ ਦੂਰੀ ਵਧਦੀ ਗਈ। ਇਸ ਦੌਰਾਨ ਇੱਕ ਹੋਰ ਔਰਤ ਉਸ ਦੀ ਜ਼ਿੰਦਗੀ 'ਚ ਆ ਗਈ। ਉਹ ਉਸ ਦੇ ਨੇੜੇ ਆ ਗਿਆ। ਦੋਵੇਂ ਇੱਕ-ਦੂਜੇ ਨੂੰ ਮਿਲ ਲੱਗੇ। ਫ਼ੋਨ 'ਤੇ ਗੱਲਬਾਤ ਕਰਦੇ ਸਨ। ਉਸ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ। ਇੱਕ ਦਿਨ ਉਨ੍ਹਾਂ ਨੂੰ ਕਿਸੇ ਨੇ ਇਤਰਾਜ਼ਯੋਗ ਹਾਲਤ 'ਚ ਵੀ ਵੇਖ ਲਿਆ ਸੀ। ਇਸ ਤੋਂ ਬਾਅਦ ਪਰਿਵਾਰ 'ਚ ਭੂਚਾਲ ਆ ਗਿਆ। ਰੋਜ਼ਾਨਾ ਲੜਾਈ-ਝਗੜਾ ਹੁੰਦਾ ਸੀ।
ਆਤਿਸ਼ ਨੇ ਇਹ ਵੀ ਦੱਸਿਆ ਕਿ ਉਸ ਦੀ ਪ੍ਰੇਮਿਕਾ ਦੀ ਤਸਵੀਰ ਉਸ ਦੀ ਭੈਣ ਨੂੰ ਕਿਤੋਂ ਮਿਲ ਗਈ। ਇਸ ਤੋਂ ਬਾਅਦ ਪਰਿਵਾਰ 'ਚ ਕਾਫ਼ੀ ਬਹਿਸਬਾਜ਼ੀ ਹੋਈ। ਉਸ ਦੀ ਭੈਣ ਨੇ ਦੋਹਾਂ ਦੀ ਤਸਵੀਰ ਫ਼ੇਸਬੁੱਕ 'ਤੇ ਵਾਇਰਲ ਕਰ ਦਿੱਤੀ। ਇਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ। ਉਸ ਦੀ ਪ੍ਰੇਮਿਕਾ ਵੀ ਨਾਰਾਜ਼ ਸੀ। ਮਾਂ ਵੀ ਭੈਣ ਤੇ ਪਤਨੀ ਦਾ ਪੱਖ ਲੈਂਦੀ ਸੀ। ਇਸੇ ਕਾਰਨ ਉਸ ਨੇ ਪ੍ਰੇਮਿਕਾ ਨੂੰ ਪਾਉਣ ਲਈ ਪੂਰੇ ਪਰਿਵਾਰ ਨੂੰ ਮੌਤ ਦੀ ਨੀਂਦ ਸੁਆ ਦਿੱਤਾ।