ਡਾ. ਹਰਸ਼ ਵਰਧਨ ਨੇ ‘ਐਕਿਯੂਟ ਇਨਸਿਫ਼ਲਾਈਟਿਸ ਸਿੰਡ੍ਰੋਮ’ (ਏਈਐੱਸ – AES) ਕੇਸਾਂ ਨੂੰ ਰੋਕਣ ਤੇ ਉਨ੍ਹਾਂ ਦੇ ਪ੍ਰਬੰਧ ਲਈ ਬਿਹਾਰ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਉਨ੍ਹਾਂ ਇਹ ਗੱਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਬਿਹਾਰ ਦੇ ਸਿਹਤ ਮੰਤਰੀ ਸ੍ਰੀ ਮੰਗਲ ਪਾਂਡੇ ਨਾਲ ਬਿਹਾਰ ਵਿੱਚ ਏਈਐੱਸ ਲਈ ਸਮੀਖਿਆ ਮੁਲਾਕਾਤ ਦੌਰਾਨ ਆਖੀ, ਜਿੱਥੇ ਉਨ੍ਹਾਂ ਬੁਨਿਆਦੀ ਪੱਧਰ ਉੱਤੇ ਸਬੰਧਤ ਅਧਿਕਾਰੀਆਂ ਤੋਂ ਸਾਰੀ ਸਥਿਤੀ ਦੇ ਵੇਰਵੇ ਜਾਣੇ। ਇਸ ਮੀਟਿੰਗ ਦੌਰਾਨ ਰਾਜ ਮੰਤਰੀ (ਸਿਹਤ ਤੇ ਪਰਿਵਾਰ ਭਲਾਈ) ਸ੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਸਨ।
ਸ਼ੁਰੂਆਤ ’ਚ, ਏਈਐੱਸ (AES) ਕਾਰਨ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ‘ਇਹ ਜਾਣਨਾ ਦੁਖਦਾਈ ਹੈ ਕਿ 15 ਮਈ ਤੋਂ ਜੂਨ ਮਹੀਨੇ ਤੱਕ ਗਰਮੀਆਂ ਦੇ ਮੌਸਮ ਦੇ ਇਸ ਖਾਸ ਸਮੇਂ ਦੌਰਾਨ ਬਿਹਾਰ ਵਿੱਚ ਏਈਐੱਸ ਕਾਰਨ ਨਿੱਕੇ ਬੱਚਿਆਂ ਦੀ ਮੌਤ ਦਰ ਵਿੱਚ ਸਦਾ ਵਾਧਾ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਅਨੇਕ ਪੱਧਰਾਂ ਉੱਤੇ ਵਾਜਬ ਦਖ਼ਲ ਨਾਲ, ਸਮੇਂ–ਸਿਰ ਦੇਖਭਾਲ ਰਾਹੀਂ ਇਨ੍ਹਾਂ ਮੌਤਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਡਾ. ਹਰਸ਼ ਵਰਧਨ ਨੇ ਕਿਹਾ,‘ਏਈਐੱਸ ਵਿਰੁੱਧ ਜੰਗ ਪੁਰਾਣੀ ਹੈ ਤੇ ਅਸੀਂ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਮੁੱਦਾ ਇਹ ਹੈ ਕਿ ਇੱਕ ਪ੍ਰਣਾਲੀਬੱਧ ਪਹੁੰਚ ਰਾਹੀਂ ਇਸ ਦੀ ਰੋਕਥਾਮ ਤੇ ਇਸ ਨੂੰ ਰੋਕਣ ਲਈ ਵਿਆਪਕ ਕਦਮ ਚੁੱਕੇ ਜਾਣ।’ ਕੇਂਦਰੀ ਸਿਹਤ ਮੰਤਰੀ ਨੇ ਏਈਐੱਸ ਦੀ ਮਹਾਮਾਰੀ ਦੌਰਾਨ ਪਹਿਲਾਂ ਦੋ ਵਾਰ; ਸਾਲ 2014 ਅਤੇ 2019 ’ਚ ਬਿਹਾਰ ਰਾਜ ਦੀ ਫੇਰੀ ਨੂੰ ਚੇਤੇ ਕੀਤਾ, ਜਦੋਂ ਉਹ ਖੁਦ ਹਾਲਾਤ ਦਾ ਜਾਇਜ਼ਾ ਲੈਣ ਲਈ ਗਏ ਸਨ, ਉਹ ਤਦ ਇਸ ਰੋਗ ਬਾਰੇ ਵਿਚਾਰ–ਵਟਾਂਦਰਾ ਕਰਨ ਤੇ ਇਸ ਦੇ ਬੁਨਿਆਦੀ ਕਾਰਨ ਸੁਨਿਸ਼ਚਤ ਕਰਨ ਲਈ ਬਾਲ–ਮਰੀਜ਼ਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲੇ ਸਨ।
ਡਾ. ਹਰਸ਼ ਵਰਧਨ ਨੇ ਕਿਹਾ,‘ਇਸ ਵਾਰ ਵੀ ਅਸੀਂ ਸਥਿਤੀ ਉੱਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਾਂ ਅਤੇ ਏਈਐੱਸ ਦੀ ਸਥਿਤੀ ਦੇ ਪ੍ਰਬੰਧ ਲਈ ਰਾਜ ਦੇ ਸਿਹਤ ਅਧਿਕਾਰੀਆਂ ਦੇ ਲਗਾਤਾਰ ਸੰਪਰਕ ਵਿੱਚ ਹਾਂ।’ ਉਨ੍ਹਾਂ ਰਾਜ ਦੀਆਂ ਅਥਾਰਟੀਜ਼ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਚੌਵੀ ਘੰਟੇ ਨਜ਼ਰ ਰੱਖਣ ਲਈ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਨ ਤੇ ਇਸ ਦੀ ਰੋਕਥਾਮ ਲਈ ਸਮੇਂ–ਸਿਰ ਕੋਈ ਕਾਰਵਾਈ ਸੁਝਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਪਹੁੰਚ ਨਾਲ ਅਸੀਂ ਆਉਣ ਵਾਲੇ ਸਮੇਂ ਵਿੱਚ ਏਈਐੱਸ ਕੇਸਾਂ ਵਿੱਚ ਵਾਧੇ ਨੂੰ ਰੋਕਣ ਦੇ ਯੋਗ ਹੋ ਸਕਾਂਗੇ।
ਉਨ੍ਹਾਂ ਕਿਹਾ,‘ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ; ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੰਮ – NHM) ਰਾਹੀਂ ਰਾਜ ਸਰਕਾਰ ਨੂੰ ਪੂਰੀ ਮਦਦ ਕਰੇਗਾ ਤੇ ਹੱਥ ਫੜੇਗਾ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਸਮੇਤ ਕੇਂਦਰ ਸਰਕਾਰ ਦੇ ਹੋਰ ਮੰਤਰਾਲਿਆਂ ਨੂੰ ਵੀ ਤੁਰੰਤ ਤੇ ਲੰਮੇ ਸਮੇਂ ਦੇ ਉਪਾਵਾਂ ਦੇ ਹਿੱਸੇ ਵਜੋਂ ਮਦਦ ਪਹੁੰਚਾਉਣ ਦੀ ਬੇਨਤੀ ਕੀਤੀ ਗਈ ਹੈ।’
ਬਿਹਾਰ ਰਾਜ ਨੂੰ ਦਿੱਤੀ ਜਾ ਰਹੀ ਮਦਦ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਡਾ. ਹਰਸ਼ ਵਰਧਨ ਨੇ ਕਿਹਾ,‘ਰੋਜ਼ਾਨਾ ਹਾਲਾਤ ਉੱਤੇ ਨਜ਼ਰ ਰੱਖਣ ਲਈ ਮਾਹਿਰਾਂ ਦੀ ਕਮੇਟੀ ਦੇ ਗਠਨ ਤੋਂ ਇਲਾਵਾ, ਤੁਰੰਤ; ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ – NCDC), ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ (ਐੱਨਵੀਬੀਡੀਸੀਪੀ – NVBDCP), ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ – ICMR), ਏਮਸ (AIIMS) – ਪਟਨਾ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਬਾਲ ਸਿਹਤ ਡਿਵੀਜ਼ਨ ਦੇ ਮਾਹਿਰਾਂ ਦੀ ਇੱਕ ਅੰਤਰ–ਅਨੁਸ਼ਾਸਨੀ ਮਾਹਿਰ ਉੱਚ–ਪੱਧਰੀ ਟੀਮ ਕਾਇਮ ਕਰਨ ਦੀ ਲੋੜ ਹੈ, ਜੋ ਨੀਤੀਗਤ ਦਖ਼ਲ ਦੇਣ ਤੇ ਏਈਐੱਸ ਅਤੇ ਜਾਪਾਨੀ ਦਿਮਾਗ਼ੀ ਸੋਜ਼ਿਸ਼ ਦੇ ਮਾਮਲੇ ਰੋਕਣ ਲਈ ਰਾਜ ਦੀ ਮਦਦ ਕਰਨ ਲਈ ਮਾਰਗ–ਦਰਸ਼ਨ ਕਰ ਸਕੇ।’
ਰਾਜ ਵੱਲੋਂ ਤੁਰੰਤ ਚੁੱਕੇ ਜਾਣ ਵਾਲੇ ਵਿਸ਼ੇਸ਼ ਕਦਮਾਂ ਦਾ ਖਾਕਾ ਪੇਸ਼ ਕਰਦਿਆਂ ਉਨ੍ਹਾਂ ਕਿਹਾ,‘ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬੱਚਿਆਂ ਲਈ ਨਵੇਂ ਆਈਸੀਯੂਜ਼ (ICUs) ਅਜਿਹੀਆਂ ਰੋਗਾਂ ਲਈ ਤੁਰੰਤ ਕੰਮ ਕਰਨਾ ਚਾਲੂ ਕਰ ਦੇਣ; ਲਾਗਲੇ ਜ਼ਿਲ੍ਹਿਆਂ ਵਿੱਚ ਘੱਟੋ–ਘੱਟ 10 ਬਿਸਤਰਿਆਂ ਵਾਲੇ ਬੱਚਿਆਂ ਦੇ ਆਈਸੀਯੂਜ਼ ਨਾਲ ਵਾਜਬ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਾ; ਸ਼ਾਮੀਂ 10:00 ਵਜੇ ਤੋਂ ਸਵੇਰੇ 8:00 ਵਜੇ ਤੱਕ ਦੇ ਸਿਖ਼ਰਲੇ ਸਮਿਆਂ ਦੌਰਾਨ ਐਂਬੂਲੈਂਸ ਸੇਵਾਵਾਂ ਉਪਲਬਧ ਕਰਵਾਉਣਾ, ਜਦੋਂ ਜ਼ਿਆਦਾਤਾਤਰ ਬੱਚਿਆਂ ਵਿੱਚ ਬੁਖਾਰ, ਸੀਜ਼ਰਸ, ਅਲਰਟਡ ਸੈਂਸੋਰੀਅਮ ਆਦਿ ਜਿਹੇ ਲੱਛਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਚੁਣੌਤੀ ਦਾ ਟਾਕਰਾ ਕਰਨ ਲਈ – ਖਾਸ ਤੌਰ ’ਤੇ ਸਿਖ਼ਰਲੇ ਸਮਿਆਂ ਲਈ ਡਾਕਟਰਾਂ, ਪੈਰਾਮੈਡੀਕਲ ਤੇ ਸਿਹਤ ਬਲ ਤਿਆਰ ਕਰਨਾ, ਨਵੇਂ ਸੁਪਰ ਸਪੈਸ਼ਿਐਲਿਟੀ ਹਸਪਤਾਲਾਂ ਦੀ ਸਥਾਪਨਾ ਦੇ ਕੰਮ ਵਿੱਚ ਤੇਜ਼ੀ ਲਿਆਉਣਾ ਤੇ ਬੁਨਿਆਦੀ ਢਾਂਚੇ ਵਿੱਚ ਹੋਰ ਪ੍ਰਸਤਾਵਿਤ ਤੇ ਵਾਅਦੇ ਮੁਤਾਬਕ ਸੁਧਾਰ ਲਿਆਉਣਾ।’
ਡਾ. ਹਰਸ਼ ਵਰਧਨ ਨੇ ਸਭਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਕੋਵਿਡ ਮਹਾਮਾਰੀ ਦੇ ਇਸ ਸਮੇਂ ਦੌਰਾਨ ਏਈਐੱਸ ਦੇ ਕੇਸਾਂ ਨੂੰ ਅੱਖੋਂ ਪ੍ਰੋਖੇ ਜਾਂ ਓਹਲੇ ਨਾ ਹੋਣ ਦੇਣਾ ਯਕੀਨੀ ਬਣਾਉਣ।
ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ), ਸ੍ਰੀ ਸੰਜੀਵਾ ਕੁਮਾਰ, ਵਿਸ਼ੇਸ਼ ਸਕੱਤਰ (ਸਿਹਤ), ਸੁਸ਼੍ਰੀ ਵੰਦਨਾ ਗੁਰਨਾਨੀ, ਏਐੱਸ ਐਂਡ ਐੱਮਡੀ (ਐੱਨਐੱਚਐੱਮ) ਨਾਲ ਹੀ ਪ੍ਰਿੰਸੀਪਲ ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਬਿਹਾਰ ਸਰਕਾਰ, ਸਕੱਤਰ–ਤੇ–ਸੀਈਓ, ਬਿਹਾਰ ਸਵਾਸਥਯ ਸੁਰੱਖਸ਼ਾ ਸਮਿਤੀ, ਬਿਹਾਰ ਸਰਕਾਰ, ਡਾਇਰੈਕਟਰ ਆਵ੍ ਹੈਲਥ ਸਰਵਿਸੇਜ਼, ਬਿਹਾਰ ਸਰਕਾਰ, ਡਾਇਰੈਕਟਰ, ਐੱਨਸੀਡੀਸੀ, ਦਿੱਲੀ, ਡਾਇਰੈਕਟਰ, ਏਮਸ, ਪਟਨਾ, ਬਿਹਾਰ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਕੁਲੈਕਟਰ / ਜ਼ਿਲ੍ਹਾ ਮੈਜਿਸਟ੍ਰੇਟਸ ਨੇ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਬਿਹਾਰ ਸਰਕਾਰ ਅਧੀਨ ਆਉਂਦੇ ਸਾਰੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲ, ਬਿਹਾਰ ਦੇ ਸਾਰੇ ਜ਼ਿਲ੍ਹਿਆਂ ਦੇ ਰਾਜ ਸਰਵੇਲਾਂਸ ਅਧਿਕਾਰੀ ਅਤੇ ਬਿਹਾਰ ਦੇ ਸਾਰੇ ਸੀਡੀਐੱਮਓਜ਼ / ਸੀਐੱਮਐੱਚਓਜ਼ ਨੇ ਵੈੱਬਲਿੰਕ ਰਾਹੀਂ ਇਸ ਮੀਟਿੰਗ ਵਿੱਚ ਭਾਗ ਲਿਆ।