ਉਡੀਸ਼ਾ ਦੇ ਕਟਕ ਜ਼ਿਲ੍ਹੇ 'ਚ 70 ਸਾਲਾ ਇੱਕ ਪੁਜਾਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਮੰਦਰ ਅੰਦਰ ਇੱਕ ਵਿਅਕਤੀ ਦੀ ਹੱਤਿਆ ਕਰਕੇ ਬਲੀ ਦੇਣ ਦਾ ਦਾਅਵਾ ਕੀਤਾ ਹੈ। ਪੁਜਾਰੀ ਨੇ ਪੁਲਿਸ ਅੱਗੇ ਆਤਮ ਸਮਰਪਣ ਕਰਕੇ ਹੱਤਿਆ ਕਰਨ ਦੀ ਗੱਲ ਕਬੂਲ ਕੀਤੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸੰਸਾਰ ਓਝਾ ਨੇ ਪੁਲਿਸ ਅੱਗੇ ਆਤਮ ਸਮਰਪਣ ਕਰਕੇ ਹੱਤਿਆ ਕਰਨ ਦਾ ਦੋਸ਼ ਕਬੂਲਿਆ। ਅਥਾਗੜ੍ਹ ਪੁਲਿਸ ਦੇ ਸਬ ਡਿਵੀਜ਼ਨਲ ਅਲੋਕ ਰੰਜਨ ਰਾਏ ਨੇ ਦੱਸਿਆ ਕਿ ਓਝਾ ਨੇ ਦਾਅਵਾ ਕੀਤਾ ਕਿ ਦੇਵੀ ਨੇ ਉਸ ਦੇ ਸੁਪਨੇ 'ਚ ਆ ਕੇ ਉਸ ਨੂੰ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਇੱਕ ਵਿਅਕਤੀ ਦੀ ਬਲੀ ਦੇਣੀ ਪਵੇਗੀ। ਇਹ ਘਟਨਾ ਬੁੱਧਵਾਰ ਰਾਤ ਨਰਸਿੰਘਪੁਰ ਥਾਣਾ ਖੇਤਰ ਦੇ ਬਾਹੁੜਾ ਪਿੰਡ ਦੇ ਬ੍ਰਾਹਮਣ ਦੇਵੀ ਮੰਦਰ 'ਚ ਵਾਪਰੀ। ਮ੍ਰਿਤਕ ਦੀ ਪਛਾਣ 52 ਸਾਲਾ ਸਰੋਜ ਕੁਮਾਰ ਪ੍ਰਧਾਨ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਕਤਲ ਲਈ ਵਰਤੀ ਗਈ ਕੁਹਾੜੀ ਜ਼ਬਤ ਕਰ ਲਈ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਤਲ ਦੇ ਮਨੋਰਥ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੀ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ 'ਚ ਅੰਬ ਦੇ ਬਾਗ ਨੂੰ ਲੈ ਕੇ ਓਝਾ ਦਾ ਕਾਫ਼ੀ ਲੰਮੇ ਸਮੇਂ ਤੋਂ ਪ੍ਰਧਾਨ ਨਾਲ ਝਗੜਾ ਚੱਲ ਰਿਹਾ ਸੀ।