ਮੁੰਬਈ ਦੀ ਰਹਿਣ ਵਾਲੀ 25 ਸਾਲਾ ਦੀਪਿਕਾ ਸਿੰਘ ਨੇ ਦਿੱਲੀ 'ਚ ਫਸੇ ਪਾਲਤੂ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਮਿਲਾਉਣ ਲਈ ਇੱਕ ਪ੍ਰਾਈਵੇਟ ਜੈੱਟ ਬੁੱਕ ਕੀਤਾ ਹੈ। ਇਹ ਜਹਾਜ਼ ਮੱਧ ਜੂਨ 'ਚ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੇਗਾ। ਇਸ ਦੀ ਬੁਕਿੰਗ 'ਤੇ 9.6 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਮਤਲਬ ਇੱਕ ਸੀਟ ਲਈ 1.6 ਲੱਖ ਰੁਪਏ ਅਦਾ ਕੀਤੇ ਗਏ ਹਨ।
ਸਾਈਬਰ ਸੁਰੱਖਿਆ ਖੋਜਕਰਤਾ ਦੀਪਿਕਾ ਨੇ ਕਿਹਾ, "ਹੁਣ ਤਕ ਚਾਰ ਲੋਕਾਂ ਨੇ ਇਸ ਜਹਾਜ਼ ਤੋਂ ਆਪਣੇ ਪਾਲਤੂ ਜਾਨਵਰਾਂ ਨੂੰ ਘਰ ਲਿਆਉਣ ਲਈ ਦਸਤਾਵੇਜ਼ਾਂ 'ਤੇ ਦਸਤਖਤ ਕੀਤੇ ਹਨ। ਸਾਡੀ ਕੋਸ਼ਿਸ਼ ਹੈ ਕਿ ਅਜਿਹੇ ਦੋ ਹੋਰ ਲੋਕਾਂ ਨੂੰ ਜੋੜਿਆ ਜਾਵੇ ਤਾਂ ਜੋ ਸਾਰਿਆਂ 'ਤੇ ਪੈਣ ਵਾਲਾ ਖਰਚਾ ਥੋੜਾ ਘੱਟ ਜਾਵੇ। ਜੇ ਹੋਰ ਲੋਕ ਨਾ ਮਿਲੇ ਤਾਂ ਚਾਰ ਸੀਟਾਂ ਦੀ ਕੀਮਤ ਹੋਰ ਵੱਧ ਜਾਵੇਗੀ।"
ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਲਈ ਦਿੱਲੀ ਤੋਂ ਇੱਕ ਜਹਾਜ਼ ਦਾ ਪ੍ਰਬੰਧ ਕਰਨ ਵਿੱਚ ਰੁੱਝੀ ਹੋਈ ਸੀ, ਉਨ੍ਹਾਂ ਵਿੱਚੋਂ ਕੁਝ ਨੇ ਪਾਲਤੂ ਜਾਨਵਰਾਂ ਨਾਲ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਉਸ ਦੇ ਦਿਮਾਗ 'ਚ ਆਈਡੀਆ ਆਇਆ ਕਿ ਜਾਨਵਰਾਂ ਨੂੰ ਵੀ ਆਪਣੇ ਪਰਿਵਾਰ ਨਾਲ ਮਿਲਣ ਦਾ ਹੱਕ ਹੈ। ਦੀਪਿਕਾ ਨੇ ਕਿਹਾ, "ਕੁਝ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨਾ ਚਾਹੁੰਦੇ ਸਨ ਪਰ ਦੂਜਿਆਂ ਨੇ ਇਨਕਾਰ ਕਰ ਦਿੱਤਾ। ਇਸ ਲਈ ਮੈਂ ਉਨ੍ਹਾਂ ਲਈ ਇਕ ਹੋਰ ਜਹਾਜ਼ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਹੈ।"
ਇਹ ਚਾਰਟਰਡ ਜਹਾਜ਼ ਕੁੱਤੇ, ਬਿੱਲੀਆਂ, ਪੰਛੀਆਂ ਅਤੇ ਹੋਰ ਪਾਲਤੂ ਜਾਨਵਰਾਂ ਲਈ ਉਪਲੱਬਧ ਹੈ। 6 ਸੀਟਾਂ ਵਾਲੇ ਜਹਾਜ਼ਾਂ ਲਈ ਦੀਪਿਕਾ ਨੇ ਪ੍ਰਾਈਵੇਟ ਜੈੱਟ ਕੰਪਨੀ ਐਕ੍ਰੀਸ਼ਨ ਐਵੀਏਸ਼ਨ ਨਾਲ ਸੰਪਰਕ ਕੀਤਾ। ਇਸ ਦੀ ਇੱਕ ਸੀਟ ਦੀ ਕੀਮਤ 1.6 ਲੱਖ ਰੁਪਏ ਹੈ। ਉਨ੍ਹਾਂ ਕਿਹਾ, "ਮੈਂ ਇਕ ਨਿੱਜੀ ਜੈੱਟ ਕੰਪਨੀ ਨਾਲ ਸੰਪਰਕ ਕੀਤਾ ਅਤੇ ਉਹ ਜਾਨਵਰਾਂ ਨੂੰ ਹਵਾਈ ਜਹਾਜ਼ ਰਾਹੀਂ ਭੇਜਣ ਲਈ ਸਹਿਮਤ ਹੋ ਗਏ।"
ਐਕ੍ਰੀਸ਼ਨ ਐਵੀਏਸ਼ਨ ਦੇ ਮਾਲਕ ਰਾਹੁਲ ਮੁੱਛਲ ਨੇ ਕਿਹਾ ਕਿ ਵਿਸ਼ਵਪੱਧਰੀ ਮਹਾਂਮਾਰੀ ਕੋਵਿਡ-19 ਦੇ ਮੱਦੇਨਜ਼ਰ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਦੇ ਸੰਚਾਲਕਾਂ ਲਈ ਢੁੱਕਵੀਂ ਸਾਵਧਾਨੀ ਅਤੇ ਸੁਰੱਖਿਆ ਉਪਾਅ ਕੀਤੇ ਜਾਣਗੇ। ਜਹਾਜ਼ 'ਚ ਬਿਠਾਉਣ ਤੋਂ ਪਹਿਲਾਂ ਜਾਨਵਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਜਰਾਂ 'ਚ ਰੱਖਿਆ ਜਾਵੇਗਾ। ਜੇ ਜਹਾਜ਼ ਨਾਲ ਸੰਭਵ ਨਾ ਹੋਇਆ ਤਾਂ ਜਾਨਵਰਾਂ ਨੂੰ ਕਾਰਗੋ ਜਹਾਜ਼ ਰਾਹੀਂ ਭੇਜਿਆ ਜਾਵੇਗਾ।