ਦਿੱਲੀ ਬਾਰਡਰ ’ਤੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਚਾਲੇ ਸਿਆਸੀ ਸੰਗਰਾਮ ਜਾਰੀ ਹੈ। ਇੱਕ–ਦੂਜੇ ’ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਰਵਾਨਾ ਹੋ ਰਹੇ ਹਨ।
ਲੌਕਡਾਊਨ ’ਚ ਫਸੇ ਮਜ਼ਦੂਰਾਂ ਦੀ ਘਰ–ਵਾਪਸੀ ਲਈ 1,000 ਬੱਸਾਂ ਚਲਾਉਣ ਦੀ ਪੇਸ਼ਕਸ਼ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਚਾਲੇ ਤਣਾਅ ਜਾਰੀ ਹੈ। ਇਸੇ ਦੌਰਾਨ ਕਾਂਗਰਸੀ ਕਾਰਕੁੰਨ ਲਗਭਗ 100 ਬੱਸਾਂ ਲੈ ਕੇ ਨੌਇਡਾ ਪੁੱਜ ਚੁੱਕੇ ਹਨ।
ਕਾਂਗਰਸੀ ਕਾਰਕੁੰਨਾਂ ਨੇ ਬੱਸਾਂ ਅੱਗੇ ਨਾ ਲਿਜਾਣ ਦੇਣ ਦਾ ਦੋਸ਼ ਲਾਇਆ ਹੈ। ਕਾਂਗਰਸੀ ਕਾਰਕੁੰਨਾਂ ਨੇ ਦੋਸ਼ ਲਾਇਆ ਕਿ ਥਾਂ–ਥਾਂ ’ਤੇ ਬੱਸਾਂ ਨੂੰ ਰੋਕਿਆ ਗਿਆ। ਕੁਝ ਬੱਸਾਂ ਨੂੰ ਆਰਟੀਓ ਰਾਹੀਂ ਸੀਜ਼ ਵੀ ਕੀਤਾ ਗਿਆ। ਹੁਣ ਲਗਭਗ 100 ਬੱਸਾਂ ਮਹਾਂਮਾਇਆ ਫ਼ਲਾਈਓਵਰ ਦੇ ਹੇਠਾਂ ਖੜ੍ਹੀਆਂ ਹਨ। ਨਾਲ ਕਾਰਕੁੰਨ ਮਜ਼ਦੂਰਾਂ ਤੱਕ ਬੱਸਾਂ ਨੂੰ ਪਹੁੰਚਾਉਣ ਦੀ ਅਪੀਲ ਕਰ ਰਹੇ ਹਨ।
ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਦੇ ਨਿਜੀ ਸਕੱਤਰ ਸੰਦੀਪ ਸਿੰਘ ਨੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਅਪਰ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥਾ ਨੂੰ ਮੁੜ ਚਿੱਠੀ ਲਿਖੀ ਹੈ। ਇਸ ਵਾਰ ਚਿੱਠੀ ਰਾਹੀਂ ਜਾਣੂ ਕਰਵਾਇਆ ਗਿਆ ਹੈ ਕਿ ਉਹ ਬੱਸਾਂ ਨਾਲ ਅੱਜ ਬੁੱਧਵਾਰ ਸ਼ਾਮ ਤੱਕ ਉੱਤਰ ਪ੍ਰਦੇਸ਼ ਦੇ ਬਾਰਡਰ ਉੱਤੇ ਹੀ ਮੌਜੂਦ ਰਹਿਣਗੇ।
19 ਮਈ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਵੇਰ ਤੋਂ ਹੀ ਬੱਸਾਂ ਨਾਲ ਉੱਤਰ ਪ੍ਰਦੇਸ਼ ਦੇ ਬਾਰਡਰ ’ਤੇ ਖੜ੍ਹੇ ਹਾਂ। ਅਸੀਂ ਨੌਇਡਾ–ਗ਼ਾਜ਼ੀਆਬਾਦ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਆਗਰਾ ਬਾਰਡਰ ਉੱਤੇ ਯੂਪੀ ਪੁਲਿਸ ਨੇ ਸਾਨੂੰ ਰੋਕ ਲਿਆ।
ਪੁਲਿਸ ਨੇ ਯੂਪੀਸੀ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਨਾਲ ਦੁਰਵਿਹਾਰ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਚਿੱਠੀ ਵਿੱਚ ਕਿਹਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨਾ ਸਾਡਾ ਪਹਿਲਾ ਉਦੇਸ਼ ਹੈ। ਅਸੀਂ ਆਪਣੀਆਂ ਬੱਸਾਂ ਨਾਲ ਇੱਥੇ ਮੌਜੂਦ ਹਾਂ ਤੇ ਬੁੱਧਵਾਰ ਸ਼ਾਮੀਂ ਚਾਰ ਵਜੇ ਤੱਕ ਰਹਾਂਗੇ। ਪ੍ਰਵਾਸੀ ਮਜ਼ਦੂਰਾਂ ਦੇ ਕਸ਼ਟ ਨੂੰ ਘਟਾਉਣ ਲਈ ਅਸੀਂ ਵਚਨਬੱਧ ਹਾਂ।