ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਸੋਨਭੱਦਰ ਦੇ ਪੀੜਤਾਂ ਨੂੰ ਮਿਲਣ ਲਈ 26 ਘੰਟਿਆਂ ਤੱਕ ਚੱਲੀ ਜੱਦੋ–ਜਹਿਦ ਨੇ ਹੁਣ ਉੱਤਰ ਪ੍ਰਦੇਸ਼ (UP) ਦੇ ਕਾਂਗਰਸੀ ਕਾਰਕੁੰਨਾਂ ਤੇ ਆਗੂਆਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ। ਜਿਹੜੇ ਕਾਂਗਰਸੀ ਇਸ ਵੇਲੇ ਬਿਲਕੁਲ ਹੀ ਬੇਆਸ ਹੋ ਕੇ ਹੱਥ ਉੱਤੇ ਹੱਥ ਧਰ ਕੇ ਬਹਿ ਗਏ ਸਨ, ਉਨ੍ਹਾਂ ਨੂੰ ਹੁਣ ਪ੍ਰਿਅੰਕਾ ਗਾਂਧੀ ਵਿੱਚ ਆਸ ਦੀ ਇੱਕ ਕਿਰਨ ਵਿਖਾਈ ਦੇਣ ਲੱਗੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜੀ ਕਾਂਗਰਸ ਪਾਰਟੀ ਉੱਤਰ ਪ੍ਰਦੇਸ਼ ਵਿੱਚ ਪਿਛਲੇ 30 ਸਾਲਾਂ ਤੋਂ ਅਲੱਗ–ਥਲੱਗ ਪੈ ਚੁੱਕੀ ਸੀ ਹੁਣ ਕਾਂਗਰਸ ਲਈ ਆਸ ਦੀ ਇੱਕ ਨਵੀਂ ਕਿਰਨ ਪੈਦਾ ਹੋ ਗਈ ਹੈ। ਅੱਜ ਦੀ ਤਰੀਕ ਵਿੱਚ ਨਿਸ਼ਚਤ ਤੌਰ ’ਤੇ ਵਿਰੋਧੀ ਧਿਰਾਂ ਸੂਬੇ ਦੀ ਭਾਜਪਾ ਸਰਕਾਰ ਤੋਂ ਅੱਗੇ ਚੱਲ ਰਹੀਆਂ ਹਨ।
ਪ੍ਰਿਅੰਕਾ ਗਾਂਧੀ ਨੇ ਕੱਲ੍ਹ ਸਨਿੱਚਰਵਾਰ ਨੂੰ ਚੁਨਾਰ ਦੇ ਕਿਲੇ ਵਿੱਚ ਸੋਨਭੱਦਰ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਪਿੱਛੋਂ ਕਿਹਾ ਕਿ ਉਹ ਆਪਣੇ ਮੰਤਵ ’ਚ ਸਫ਼ਲ ਰਹੇ ਹਨ।
ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਕਾਂਗਰਸੀ ਕਾਰਕੁੰਨ ਤੇ ਆਗੂ ਸੜਕਾਂ ’ਤੇ ਉੱਤਰ ਆਏ। ਸਭ ਵਿੱਚ ਪ੍ਰਿਅੰਕਾ ਗਾਂਧੀ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਦੌੜ ਵਿਖਾਈ ਦਿੱਤੀ।
ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ’ਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਕਾਂਗਰਸ ਦੇ ਕੁੱਲ–ਹਿੰਦ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫ਼ੇ ਕਾਰਨ ਕਾਂਗਰਸੀ ਆਗੂ ਤੇ ਕਾਰਕੁੰਨ ਇੱਕ ਤਰ੍ਹਾਂ ਕੋਮਾ ਵਿੱਚ ਚੱਲ ਰਹੇ ਸਨ।
ਨਿਰਾਸ਼ ਪਾਰਟੀ ਕਾਰਕੁੰਨਾਂ ਵਿੱਚ ਉਤਸ਼ਾਹ ਭਰਨ ਦੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਸੀ। ਇਸੇ ਲਈ ਪ੍ਰਿਅੰਕਾ ਗਾਂਧੀ ਨੇ ਖ਼ੁਦ ਸੜਕ ਉੱਤੇ ਉੱਤਰ ਕੇ ਸਰਕਾਰ ਵਿਰੁੱਧ ਮੋਰਚਾ ਸੰਭਾਲਿਆ। ਟਵਿਟਰ ਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਅਤੇ ਆਪਣੇ ਬਿਆਨਾਂ ਰਾਹੀਂ ਤਾਂ ਉਹ ਸਰਕਾਰ ਨਾਲ ਸਿੱਧੀ ਟੱਕਰ ਪਿਛਲੇ ਕਾਫ਼ੀ ਸਮੇਂ ਤੋਂ ਲੈ ਰਹੇ ਸਨ।