ਉੱਤਰ ਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਨਿਗਮ (SIDC) ਦੇ ਟ੍ਰਾਂਸ ਗੰਗਾ ਸਿਟੀ ਪ੍ਰੋਜੈਕਟ ਲਈ ਅਕਵਾਇਰ ਕੀਤੀ ਜ਼ਮੀਨ ਦਾ ਉਚਿਤ ਮੁਆਵਜ਼ਾ ਨਾ ਮਿਲਣ ਤੋਂ ਨਾਰਾਜ਼ ਹਜ਼ਾਰਾਂ ਕਿਸਾਨਾਂ ਨੇ ਐਤਵਾਰ ਨੂੰ ਵੀ ਰੋਸ ਮੁਜ਼ਾਹਰਾ ਕੀਤਾ। ਐਤਵਾਰ ਨੂੰ ਟ੍ਰਾਂਸ ਗੰਗਾ ਸਿਟੀ ਪ੍ਰੋਜੈਕਟ ਦੇ ਸਬ–ਸਟੇਸ਼ਨ ਦੇ ਬਾਹਰ ਪਏ ਸਾਮਾਨ ਨੂੰ ਨਾਰਾਜ਼ ਕਿਸਾਨਾਂ ਨੇ ਅੱਗ ਹਵਾਲੇ ਕਰ ਦਿੱਤਾ।
ਅੱਗ ਵੇਖ ਕੇ ਜ਼ਿਲ੍ਹਾ ਪ੍ਰਸ਼ਾਸਨ ’ਚ ਭਾਜੜਾਂ ਪੈ ਗਈਆਂ। ਮੌਕੇ ’ਤੇ ਮੌਜੂਦ ਪੁਲਿਸ ਬਲ ਤੇ ਅਧਿਕਾਰੀ ਵੀ ਮੂਕ ਦਰਸ਼ਕ ਬਣੇ ਰਹਿ ਗਏ।
ਸਬ–ਸਟੇਸ਼ਨ ਟ੍ਰਾਂਸਗੰਗਾ ਸਿਟੀ ਏਰੀਆ ਦੇ ਲਗਭਗ 1 ਕਿਲੋਮੀਟਰ ਦੇ ਘੇਰੇ ਅੰਦਰ ਹੈ। ਜ਼ਮੀਨ ਅਕਵਾਇਰ ਕਰਨ ਕਰ ਕੇ ਰੋਹ ’ਚ ਆਏ ਕਿਸਾਨਾਂ ਨੇ ਐਤਵਾਰ ਨੂੰ ਜੇਸੀਬੀ ਅਤੇ ਗੱਡੀਆਂ ਉੱਤੇ ਪਥਰਾਅ ਕੀਤਾ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਵੀ ਜਦੋਂ ਹਾਲਾਤ ਕਾਬੂ ਨਾ ਕਰ ਸਕੀ, ਤਾਂ ਮੌਕੇ ਉੱਤੇ 12 ਥਾਣਿਆਂ ਦੀ ਪੁਲਿਸ ਦੀ ਟੁਕੜੀ ਵੀ ਤਾਇਨਾਤ ਕੀਤੀ ਗਈ ਹੈ।
ਉਨਾਓ ਦੇ ਐੱਸਪੀ ਨੇ ਕਿਹਾ ਕਿ ਸਨਿੱਚਰਵਾਰ ਨੂੰ ਹੋਈ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਵਿੱਚ 5 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਤੇ ਇਸ ਮਾਮਲੇ ’ਚ 30 ਵਿਅਕਤੀਆਂ ਵਿਰੁੱਧ ਨਾਮਜ਼ਦ FIR ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ 200 ਅਣਪਛਾਤੇ ਲੋਕਾਂ ਵਿਰੁੱਧ ਵੀ FIR ਦਾਇਰ ਹੋਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਟ੍ਰਾਂਸ ਗੰਗਾ ਸਿਟੀ ਪ੍ਰੋਜੈਕਟ ਲਈ ਅਕਵਾਇਰ ਕੀਤੀ ਗਈ ਜ਼ਮੀਨ ’ਤੇ ਉਚਿਤ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸੇ ਮੰਗ ਨੂੰ ਲੈ ਕੇ ਕਿਸਾਨਾਂ ਨੇ ਸੜਕ ਉੱਤੇ ਉੱਤਰ ਕੇ ਵਿਰੋਧ ਪ੍ਰਗਟਾਇਆ। ਕਿਸਾਨਾਂ ਦਾ ਦੋਸ਼ ਹੈ ਕਿ ਸਾਲ 2005 ’ਚ ਬਗ਼ੈਰ ਸਮਝੌਤੇ ਦੇ ਉਨ੍ਹਾਂ ਦੀ ਜ਼ਮੀਨ ਅਕਵਾਇਰ ਕਰ ਲਈ ਗਈ ਸੀ। ਇਸ ਦਾ ਉਚਿਤ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ। ਇਸੇ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨਾਂ ਨੇ ਸੜਕਾਂ ਉੱਤੇ ਆ ਕੇ ਰੋਸ ਪ੍ਰਦਰਸ਼ਨ ਕੀਤੇ।
ਸਾਲ 2003 ਦੌਰਾਨ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਦੇ ਕਾਰਜਕਾਲ ਦੌਰਾਨ ਟ੍ਰਾਂਸ ਗੰਗਾ ਹਾਈ ਟੈੱਕ ਯੋਜਨਾ ਉਲੀਕੀ ਗਈ ਸੀ। ਜਾਣਕਾਰੀ ਮੁਤਾਬਕ ਸਰਕਾਰ ਨੇ ਤਦ ਮੁਆਵਜ਼ਾ ਇੰਨਾ ਘੱਟ ਰੱਖਿਆ ਸੀ ਕਿ ਕਿਸਾਨਾਂ ਨੇ ਇਸ ਵਿੱਚ ਆਪਣੀ ਦਿਲਚਸਪੀ ਨਹੀਂ ਵਿਖਾਈ ਸੀ। ਬਾਅਦ ’ਚ ਸੂਬੇ ਅੰਦਰ ਬਸਪਾ ਦੀ ਸਰਕਾਰ ਬਣੀ, ਤਾਂ ਮੁਆਵਜ਼ੇ ਦੀ ਦਰ 2.51 ਲੱਖ ਰੁਪਏ ਤੋਂ ਵਧਾ ਕੇ 5.51 ਲੱਖ ਰੁਪਏ ਕਰ ਦਿੱਤੀ ਗਈ ਸੀ।