ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੱਜ ਦੇਸ਼ ਦੇ ਕਈ ਸ਼ਹਿਰਾਂ ’ਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਰਾਜਧਾਨੀ ਦਿੱਲੀ ਤੋਂ ਲੈ ਕੇ ਬੈਂਗਲੁਰੂ ਤੱਕ ਨਾਗਰਿਕਤਾ ਸੋਧ ਕਾਨੂੰਨ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਕਾਨੂੰਨ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨ ਕਿਤੇ ਹਿੰਸਕ ਰੂਪ ਅਖ਼ਤਿਆਰ ਨਾ ਕਰ ਜਾਣ, ਇਸ ਲਈ ਪ੍ਰਸ਼ਾਸਨ ਕਾਫ਼ੀ ਚੌਕਸ ਹੈ।
ਦਿੱਲੀ ਮੈਟਰੋ ਦੇ 16 ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਕੁਝ ਹਲਕਿਆਂ ’ਚ ਮੋਬਾਇਲ ਫ਼ੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ
ਹਨ। ਵਿਰੋਧ ਪ੍ਰਦਰਸ਼ਨਾਂ ਕਾਰਨ ਮੈਟਰੋ ਤੋਂ ਇਲਾਵਾ ਰਾਜਧਾਨੀ ਖੇਤਰ ਦੇ ਸੜਕੀ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਕਿਸੇ ਵੀ ਤਰ੍ਹਾਂ ਦੇ ਹਿੰਸਕ ਪ੍ਰਦਰਸ਼ਨ ਨੂੰ ਰੋਕਣ ਲਈ ਗੁਰੂਗ੍ਰਾਮ ਤੋਂ ਦਿੱਲੀ ਆ ਰਹੀਆਂ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ; ਜਿਸ ਕਾਰਨ ਸਾਈਬਰ ਸਿਟੀ ਗੁਰੂਗ੍ਰਾਮ (ਪੁਰਾਣਾ ਨਾਂਅ ਗੁੜਗਾਓਂ) ’ਚ ਛੇ ਕਿਲੋਮੀਟਰ ਤੋਂ ਵੀ ਵੱਧ ਲੰਮਾ ਜਾਮ ਲੱਗ ਗਿਆ ਹੈ।
ਜਾਮ ’ਚ ਫਸੇ ਲੋਕਾਂ ਨੇ ਦੱਸਿਆ ਕਿ ਉਹ ਬੀਤੇ ਦੋ ਘੰਟਿਆਂ ਦੌਰਾਨ ਇੱਕ ਕਿਲੋਮੀਟਰ ਵੀ ਅੱਗੇ ਨਹੀਂ ਵਧ ਸਕੇ ਹਨ।
ਦਿੱਲੀ–ਗੁਰੂਗ੍ਰਾਮ ਬਾਰਡਰ ਦੀਆਂ ਲਗਭਗ ਸਾਰੀਆਂ ਸੜਕਾਂ ਉੱਤੇ ਭਾਰੀ ਜਾਮ ਲੱਗਾ ਹੋਇਆ ਹੈ। ਦਿੱਲੀ ਪੁਲਿਸ ਨੇ ਕੁਝ ਚਿਰ ਲਈ ਆਪਣੇ ਸਾਰੇ ਬਾਰਡਰ ਸੀਲ ਕਰ ਦਿੱਤੇ ਸਨ। ਕੁਝ ਚਿਰ ਪਿੱਛੋਂ ਇਹ ਬਾਰਡਰ ਖੋਲ੍ਹ ਕੇ ਬੈਰੀਕੇਡ ਲਾ ਦਿੱਤੇ ਗਏ।
ਇਸ ਕਾਰਨ ਇਨ੍ਹਾਂ ਸਾਰੀਆਂ ਸੜਕਾਂ ਉੱਤੇ ਜ਼ਬਰਦਸਤ ਜਾਮ ਲੱਗ ਗਏ ਹਨ ਤੇ ਹਜ਼ਾਰਾਂ ਵਾਹਨ ਉੱਥੇ ਫਸੇ ਹੋਏ ਹਨ।