ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਸਮੁੱਚੇ ਦੇਸ਼ ’ਚ ਅੱਜ ਰੋਸ ਮੁਜ਼ਾਹਰੇ ਹੋ ਰਹੇ ਹਨ। ਦਿੱਲੀ ’ਚ ਲਾਲ ਕਿਲੇ ਆਲੇ–ਦੁਆਲੇ ਧਾਰਾ 144 ਲਾਗੂ ਕੀਤੀ ਗਈ ਹੈ ਪਰ ਸੈਂਕੜੇ ਮੁਜ਼ਾਹਰਾਕਾਰੀ ਉਸ ਦੀ ਉਲੰਘਣਾ ਕਰਦੇ ਹੋਏ CAA ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਹੁਣ ਵੀ ਦਿੱਲੀ ਦੇ ਲਾਲ ਕਿਲੇ ਨੇੜੇ ਅਨੇਕ ਪ੍ਰਦਰਸ਼ਨਕਾਰੀ ਮੌਜੂਦ ਹਨ। ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵਰਾਜ ਮੁਹਿੰਮ ਦੇ ਮੁਖੀ ਯੋਗੇਂਦਰ ਯਾਦਵ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਤੇ ਸਮਾਜਕ ਕਾਰਕੁੰਨਾਂ ਨੂੰ ਬੱਸਾਂ ’ਚ ਭਰ ਕੇ ਲਿਜਾਂਦਾ ਗਿਆ ਾਹੈ।
ਹੱਥਾਂ ’ਚ ਤਖ਼ਤੀਆਂ ਲਏ ਤੇ ਨਾਰੇ ਲਾਉਂਦੇ ਪ੍ਰਦਰਸ਼ਨਕਾਰੀਆਂ ਨੇ ਖ਼ੁਦ ਨੂੰ ਬੱਸਾਂ ’ਚ ਲਿਜਾਣ ਦਿੱਤਾ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੋਂ ਇਲਾਵਾ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ, ਇਤਿਹਾਸਕਾਰ ਰਾਮਚੰਦਰ ਗੁਹਾ ਤੇ ਜੇਐੱਨਯੁ ਦੇ ਸਾਬਕਾ ਵਿਦਿਆਰਥੀ ਉਮਰ ਖ਼ਾਲਿਦ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ।
ਇਸ ਦੌਰਾਨ ਯੋਗੇਂਦਰ ਯਾਦਵ ਨੇ ਟਵੀਟ ਕਰ ਕੇ ਦਾਅਵਾ ਕੀਤਾ ਕਿ ਪੁਲਿਸ ਨੇ ਲਗਭਗ 1,000 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਸਭਨਾਂ ਨੂੰ ਬਵਾਨਾ ਲਿਜਾਂਦਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।
ਦਿੱਲੀ ’ਚ ਅੱਜ ਦੋ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇੱਕ ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਤੇ ਸਮਾਜਕ ਕਾਰਕੁੰਨਾਂ ਵੱਲੋਂ ਕੀਤਾ ਜਾ ਰਿਹਾ ਹੈ; ਜਦ ਕਿ ਦੂਜਾ ਪ੍ਰਦਰਸ਼ਨ ਖੱਬੀਆਂ ਪਾਰਟੀਆਂ ਨੇ ਕੀਤਾ ਹੈ। ਦੋਵੇਂ ਹੀ ਮਾਰਚ ਆਈਟੀਓ ਨੇੜੇ ਸ਼ਾਹੀਨ ਪਾਰਕ ਵਿਖੇ ਮਿਲਣਗੇ।
ਸਵਰਾਜ ਮੁਹਿੰਮ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਸਾਡੇ ਕਈ ਸਾਕੀਆਂ ਨੂੰ ਹਿਰਾਸਤ ’ਚ ਲਿਆ ਜਾ ਰਿਹਾ ਹੈ; ਇਸ ਦੇ ਬਾਵਜੂਦ ਕਈ ਲੋਕ ਇੱਥੇ ਇਕੱਠੇ ਹੋਏ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਨਾਗਰਿਕਤਾ ਦੀ ਵੰਡ ਨਹੀਂ ਕੀਤੀ ਜਾ ਸਕਦੀ। ਇਸੇ ਲਈ ਅੱਜ ਅਸੀਂ ਵਿਰੋਧ ਪ੍ਰਦਰਸ਼ਨ ਕੀਤਾ ਹੈ।