ਨਾਗਰਿਕਤਾ ਸੋਧ ਬਿਲ ਦੇ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਆਸਾਮ ’ਚ ਵਿਰੋਧ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਵਧ ਗਏ ਹਨ। ਆਸਾਮ ’ਚ ਆਲ ਅਸਮ ਸਟੂਡੈਂਟ ਯੂਨੀਅਨ (AASU) ਨੇ ਡਿਬਰੂਗੜ੍ਹ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਧਰਨਾ ਦਿੱਤਾ। ਇਸ ਦੌਰਾਨ ਉੱਥੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਟਾਇਰ ਵੀ ਸਾੜੇ।
ਇਸ ਤੋਂ ਇਲਾਵਾ ਇਸ ਬਿਲ ਦੇ ਪਾਸ ਹੋਣ ਵਿਰੁੱਧ ‘ਨੌਰਥ ਈਸਟ ਸਟੂਡੈਂਟ ਆਰਗੇਨਾਇਜ਼ੇਸ਼ਨ’ (NESO) ਅਤੇ ‘ਆਲ ਆਸਾਮ ਸਟੂਡੈਂਟਸ ਯੂਨੀਅਨ’ (AASU) ਨੇ 12 ਘੰਟਿਆਂ ਦੇ ਬੱਦ ਦਾ ਸੱਦਾ ਵੀ ਦਿੱਤਾ ਹੈ। ਜਿਸ ਤੋਂ ਬਾਅਦ ਗੁਹਾਟੀ ’ਚ ਮੰਗਲਵਾਰ ਨੂੰ ਦੁਕਾਨਾਂ ਨਹੀਂ ਖੋਲ੍ਹੀਆਂ ਗਈਆਂ।
ਇੱਥੇ ਵਰਨਣਯੋਗ ਹੈ ਕਿ ਨਾਗਰਿਕਤਾ ਸੋਧ ਬਿਲ ਸੋਮਵਾਰ ਦੇਰ ਰਾਤ 12 ਵਜੇ ਲੋਕ ਸਭਾ ’ਚ ਪਾਸ ਹੋ ਗਿਆ। ਮੈਰਾਥਨ 12 ਘੰਟੇ ਚੱਲੀ ਬਹਿਸ ਤੋਂ ਬਾਅਦ ਹੋਏ ਵੋਟਿੰਗ ਵਿੱਚ ਬਿਲ ਦੇ ਹੱਕ ਵਿੱਚ 311 ਤੇ ਵਿਰੋਧ ’ਚ 80 ਵੋਟਾਂ ਪਈਆਂ। ਹੁਣ ਇਹ ਬਿਲ ਰਾਜ ਸਭਾ ’ਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਮਾਨਾਂ ਦਾ ਇਸ ਬਿਲ ਨਾਲ ਕੋਈ ਵਾਹ–ਵਾਸਤਾ ਨਹੀਂ ਹੈ। ਇਹ ਬਿਲ ਕਿਸੇ ਵੀ ਪਾਸਿਓਂ ਗ਼ੈਰ–ਸੰਵਿਧਾਨਕ ਨਹੀਂ ਹੈ ਤੇ ਧਾਰਾ–14 ਦੀ ਉਲੰਘਣਾ ਨਹੀਂ ਕਰਦਾ।
ਇਹ ਸਿਰਫ਼ ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਦੇ ਪੀੜਤ ਘੱਟ–ਗਿਣਤੀ ਲੋਕਾਂ ਨੂੰ ਸੁਰੱਖਿਆ ਦੇਣ ਲਈ ਲਿਆਂਦਾ ਗਿਆ ਹੈ। ਇਸ ਬਿਲ ਨੂੰ ਲੈ ਕੇ ਕਾਂਗਰਸ ਸਮੇਤ ਕੁਝ ਵਿਰੋਧੀ ਪਾਰਟੀਆਂ ਪਹਿਲਾਂ ਤੋਂ ਹੀ ਲਾਮਬੰਦ ਸਨ ਤੇ ਵਿਰੋਧ ਕਰ ਰਹੀਆਂ ਸਨ। ਇਸ ਬਿਲ ਦੇ ਲੋਕ ਸਭਾ ’ਚ ਪਾਸ ਹੋਣ ਅੋਂ ਬਾਅਦ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਅੱਜ ਸਾਡੇ ਸੰਵਿਧਾਨ ਲਈ ਕਾਲ਼ਾ ਦਿਨ ਹੈ।
ਉਨ੍ਹਾਂ ਕਿਹਾ ਕਿ ਇਹ ਗ਼ੈਰ–ਸੰਵਿਧਾਨਕ ਹੈ। ਇਹ ਸਪੱਸ਼ਟ ਤੌਰ ’ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਇਹ ਬਹੁਤ ਸ਼ਰਮਨਾਕ ਹੈ।
ਬਿਲ ਉੱਤੇ ਬਹਿਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ’ਚ ਧਰਮ ਦੇ ਆਧਾਰ ’ਤੇ ਕੋਈ ਭੇਦਭਾਵ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ਰਨਾਰਥੀਆਂ ਦੀ ਸੁਰੱਖਿਆ ਲਈ ਵਾਜਬ ਕਾਨੂੰਨ ਹਨ।