ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸ਼ਸ਼ੀ ਥਰੂਰ ਵਿਰੁੱਧ ਦੋਸ਼ ਆਇਦ ਕਰਨ ਨੂੰ ਲੈ ਕੇ ਦਿੱਲੀ ਪੁਲਿਸ ਨੇ ਅੱਜ ਸਨਿੱਚਰਵਾਰ ਨੂੰ ਅਦਾਲਤ ਸਾਹਵੇਂ ਆਪਣੀਆਂ ਦਲੀਲਾਂ ਰੱਖੀਆਂ। ਦਿੱਲੀ ਪੁਲਿਸ ਸਨੇ ਅਦਾਲਤ ਵਿੱਚ ਬਹਿਸ ਦੌਰਾਨ ਕਿਹਾ ਕਿ ਸ਼ਸ਼ੀ ਥਰੂਰ ਵਿਰੁੱਧ ਸੁਨੰਦਾ ਪੁਸ਼ਕਰ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਚੱਲਣਾ ਚਾਹੀਦਾ ਹੈ।
ਦਿੱਲੀ ਪੁਲਿਸ ਨੇ ਕਿਹਾ ਕਿ ਭਾਰਤੀ ਦੰਡ ਸੰਘਤਾ ਦੀ ਧਾਰਾ 498–ਏ (ਪਤੀ ਉੱਤੇ ਤਸ਼ੱਦਦ ਢਾਹੁਣ ਦਾ ਦੋਸ਼) ਅਤੇ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣ) ਦਾ ਮਾਮਲਾ ਚਲਾਇਆ ਜਾਵੇ। ਇਸ ਮਾਮਲੇ ’ਚ ਦਿੱਲੀ ਪੁਲਿਸ ਦੀ ਬਹਿਸ 17 ਅਕਤੂਬਰ ਨੂੰ ਵੀ ਜਾਰੀ ਰਹੇਗੀ।
ਸਰਕਾਰੀ ਪੱਖ ਵੱਲੋਂ ਕਿਹਾ ਗਿਆ ਕਿ ਇਹ ਸਿਰਫ਼ ਇੱਕ ਚਿੱਠੀ ਦੀ ਗੱਲ ਨਹੀਂ ਹੈ, ਸਗੋਂ ਅਜਿਹੇ ਕਈ ਪੱਤਰ ਹੈ; ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਸ਼ਸ਼ੀ ਥਰੂਰ ਤੇ ਸੁਨੰਦਾ ਪੁਸ਼ਕਰ ਵਿਚਾਲੇ ਰਿਸ਼ਤਿਆਂ ਵਿੱਚ ਕੜਵਾਹਟ ਵਧਦੀ ਜਾ ਰਹੀ ਸੀ। ਥਰੂਰ ਦੇ ਇਸੇ ਵਿਵਹਾਰ ਦੇ ਚੱਲਦਿਆਂ ਸੁਨੰਦਾ ਤਣਾਅ ਵਿੱਚ ਰਹਿਣ ਲੱਗ ਪਈ ਸੀ। ਬਚਾਅ ਪੱਖ ਦੇ ਵਕੀਲ ਵਿਕਾਸ ਪਾਹਵਾ ਨੇ ਖੁੱਲ੍ਹੀ ਅਦਾਲਤ ਵਿੱਚ ਸਰਕਾਰੀ ਧਿਰ ਵੱਲੋਂ ਥਰੂਰ ਦੀਆਂ ਚਿੱਠੀਆਂ ਪੜ੍ਹੇ ਜਾਣ ਨੂੰ ਗ਼ਲਤ ਦੱਸਿਆ।
ਬਚਾਅ ਪੱਖ ਨੇ ਕਿਹਾ ਕਿ ਇਹ ਚਿੱਠੀਆਂ ਵਿਅਕਤੀਗਤ ਹਨ; ਇਸ ਲਈ ਇਨ੍ਹਾਂ ਨੂੰ ਅਦਾਲਤ ਦੇ ਬੰਦ ਕਮਿਰੇ ਵਿੱਚ ਹੀ ਪੜ੍ਹਨਾ ਚਾਹੀਦਾ ਹੈ।
ਸਰਕਾਰੀ ਧਿਰ ਨੇ ਕਿਹ ਕਿ ਉਹ ਚਿੱਠੀ ਦੇ ਕੁਝ ਹਿੱਸੇ ਹੀ ਪੜ੍ਹ ਰਹੇ ਹਨ। ਅਦਾਲਤ ਨੇ ਸਰਕਾਰੀ ਧਿਰ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਵਿਵਸਥਿਤ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ।
51 ਸਾਲਾ ਸੁਨੰਦਾ ਪੁਸ਼ਕਰ 17 ਜਨਵਰੀ, 2014 ਨੂੰ ਦਿੱਲੀ ਦੇ ਚਾਣੱਕਿਆਪੁਰੀ ਵਿਖੇ ਆਲੀਸ਼ਾਨ ਲੀਲਾ ਹੋਟਲ ਦੇ ਇੱਕ ਕਮਰੇ ਵਿੱਚ ਮ੍ਰਿਤਕ ਪਾਈ ਗਈ ਸੀ। ਪੁਲਿਸ ਨੇ ਪਤੀ ਸ਼ਸ਼ੀ ਥਰੂਰ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਫ਼ਿਲਹਾਲ ਉਹ ਜ਼ਮਾਨਤ ਉੱਤੇ ਚੱਲ ਰਹੇ ਹਨ।