ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਕੁਦਰਤ ਤੇ ਜੰਗਲਾਂ ਨੂੰ ਪਸੰਦ ਕਰਦੇ ਹੋ, ਤਾਂ ਤੁਸੀਂ ਉੱਤਰ–ਪੂਰਬੀ ਸੂਬਿਆਂ ’ਚ ਜਾਓ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿਆਸਤ ’ਚ ਆਉਣ ਦਾ ਮਨ ਨਹੀਂ ਸੀ ਪਰ ਤੁਸੀਂ ਜਿੱਥੇ ਵੀ ਹੋਵੋਂ, ਉੱਥੇ ਹੀ ਜੀਅ–ਜਾਨ ਨਾਲ ਕੰਮ ਕਰਨਾ ਚਾਹੀਦਾ ਹੈ।
ਅੱਜ ਸ੍ਰੀ ਮੋਦੀ ਨੇ ਆਪਣੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 59ਵੇਂ ਸੰਸਕਰਣ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਹਰੇਕ ਮਹੀਨੇ ਆਖ਼ਰੀ ਐਤਵਾਰ ਨੂੰ ਦੇਸ਼–ਵਾਸੀਆਂ ਨਾਲ ‘ਮਨ ਕੀ ਬਾਤ’ ਕਰਦੇ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਅਯੁੱਧਿਆ ਮਾਮਲੇ ’ਤੇ ਜਦੋਂ ਬੀਤੀ 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ, ਤਾਂ 130 ਕਰੋੜ ਭਾਰਤੀਆਂ ਨੇ ਇੱਕ ਵਾਰ ਫਿਰ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ ਲਈ ਦੇਸ਼ ਹਿਤਾਂ ਤੋਂ ਵਧ ਕੇ ਕੁਝ ਨਹੀਂ ਹੈ। ਦੇਸ਼ ਵਿੱਚ ਸ਼ਾਂਤੀ, ਏਕਤਾ ਤੇ ਸਦਭਾਵਨਾ ਦੀ ਕੀਮਤ ਸਰਬਉੱਚ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਤੁਸੀਂ ਭਾਰਤ ’ਚ ‘ਫ਼ਿਟ ਇੰਡੀਆ’ ਮੁਹਿੰਮ ਤੋਂ ਤਾਂ ਜਾਣੂ ਹੋਵੋਗੇ ਹੀ। CBSE ਨੇ ਇੱਕ ਸ਼ਲਾਘਾਯੋਗ ਪਹਿਲ ਕੀਤੀ ਹੈ, ਫ਼ਿਟ ਇੰਡੀਆ ਹਫ਼ਤੇ ਦੀ। ਫ਼ਿੱਟ ਇੰਡੀਆ ਹਫ਼ਤੇ ਵਿੱਚ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਅਧਿਆਪਕ ਤੇ ਮਾਪੇ ਵੀ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲਾਂ ਦੇ ਵਿਲੱਖਣ ਹੌਸਲੇ, ਸੂਰਬੀਰਤਾ ਤੇ ਸਮਰਪਣ ਦੀ ਭਾਵਨਾ ਲਈ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਤੇ ਬਹਾਦਰ ਫ਼ੌਜੀ ਜਵਾਨਾਂ ਨੂੰ ਚੇਤੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਫ਼ੌਜਾਂ ਦਾ ਝੰਡਾ–ਦਿਵਸ ਮਨਾਇਆ ਜਾਂਦਾ ਹੈ। ਇਹ ਉਹ ਦਿਨ ਹੈ, ਜਦੋਂ ਅਸੀਂ ਆਪਣੇ ਬਹਾਦਰ ਫ਼ੌਜੀ ਜਵਾਨਾਂ ਨੂੰ, ਉਨ੍ਹਾਂ ਦੀ ਬਹਾਦਰੀ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਦੇ ਹਾਂ।
ਸ੍ਰੀ ਮੋਦੀ ਨੇ ਦੱਸਿਆ ਕਿ ਉਹ ਵੀ ਬਚਪਨ ’ਚ ਆਪਣੇ ਪਿੰਡ ਦੇ ਸਕੂਲ ’ਚ ਐੱਨਸੀਸੀ ਕੈਡੇਟ ਹੁੰਦੇ ਸਨ। ਮੈਨੂੰ ਉਹ ਅਨੁਸ਼ਾਸਨ ਤੇ ਵਰਦੀ ਚੇਤੇ ਹੈ ਤੇ ਉਸ ਕਾਰਨ ਵਿਸ਼ਵਾਸ ਦਾ ਪੱਧਰ ਵੀ ਵਧਦਾ ਹੈ।