ਬੀਤੇ ਵਰ੍ਹੇ ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਜੈਸ਼ ਦੇ ਅੱਤਵਾਦੀ ਹਮਲੇ ਨੂੰ ਫ਼ਰਵਰੀ ਦੇ ਪਹਿਲੇ ਹਫ਼ਤੇ ਅੰਜਾਮ ਦਿੱਤਾ ਜਾਣਾ ਸੀ। ਇਸ ਲਈ ਪੂਰੀ ਤਿਆਰੀ ਵੀ ਹੋ ਚੁੱਕੀ ਸੀ ਪਰ ਮੌਸਮ ਕਾਰਨ ਇਸ ਨੂੰ ਦੂਜੇ ਹਫ਼ਤੇ ਲਈ ਟਾਲ਼ ਦਿੱਤਾ ਗਿਆ ਸੀ। ਚੇਤੇ ਰਹੇ ਕਿ ਬੀਤੇ ਵਰ੍ਹੇ 14 ਫ਼ਰਵਰੀ ਨੂੰ ਪੁਲਵਾਮਾ ਦੇ ਅੱਤਵਾਦੀ ਹਮਲੇ ’ਚ ਸੀਆਰਪੀਐੱਫ਼ ਦੇ 44 ਜਵਾਨ ਸ਼ਹੀਦ ਹੋ ਗਏ ਸਨ।
ਪੁਲਵਾਮਾ ਹਮਲੇ ਨੂੰ ਲੈ ਕੇ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਸ਼ਾਕਿਰ ਬਸ਼ੀਰ ਮਾਗਰੇ ਨੇ ਐੱਨਆਈ ਦੀ ਪੁੱਛਗਿੱਛ ਦੌਰਾਨ ਕਈ ਪ੍ਰਗਟਾਵੇ ਕੀਤੇ ਹਨ। ਬਸ਼ੀਰ ਨੂੰ NIA ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। NIA ਦੀ ਇਸ ਪੁੱਛਗਿੱਛ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਆਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅੱਤਵਾਦੀ ਹਮਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਖ਼ਰਾਬ ਮੌਸਮ ਕਾਰਨ ਇਹ ਹਮਲਾ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੇ ਪੁਲਵਾਮਾ ਦੇ ਹਮਲੇ ਲਈ ਮੁੜ ਤੋਂ ਜੰਮੂ–ਕਸ਼ਮੀਰ ’ਚੋਂ ਸੀਆਰਪੀਐੱਫ਼ ਦਾ ਕਾਫ਼ਲਾ ਲੰਘਣ ਦੀ ਉਡੀਕ ਕਰਨੀ ਪਈ।
ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਾਕਿਰ ਮਾਗਰੇ ਵੱਲੋਂ ਕੀਤੇ ਗਏ ਖ਼ੁਲਾਸੇ ਅਹਿਮ ਹਨ ਕਿਉਂਕਿ ਉਹ ਗ੍ਰਿਫ਼ਤਾਰ ਹੋਣ ਵਾਲਾ ਪਹਿਲਾ ਅਜਿਹਾ ਵਿਅਕਤੀ ਸੀ, ਜੋ ਬੰਬ ਦਾ ਇੰਤਜ਼ਾਮ ਕਰਨ, ਉਸ ਨੂੰ ਫ਼ਿੱਟ ਕਰਨ ਵਿੱਚ ਮਦਦ ਕਰਨ ਤੇ ਅਹਿਮਦ ਡਾਰ ਨੂੰ ਪਨਾਹ ਦੇਣ ਤੋਂ ਲੈ ਕੇ ਯੋਜਨਾ ਉਲੀਕਣ ਤੱਕ ਸਭ ਕੁਝ ਜਾਣਦਾ ਸੀ।
ਇਸ ਤੋਂ ਇਹ ਵੀ ਸਪੱਸ਼ਟ ਤੌਰ ’ਤੇ ਪਤਾ ਚੱਲਦਾ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਨੇ ਕਾਫ਼ਲੇ ਨੂੰ ਕਿਵੇਂ ਨਿਸ਼ਾਨਾ ਬਣਾਇਆ। ਹੁਣ ਅਸੀਂ ਪੁਲਵਾਮਾ ਹਮਲੇ ’ਚ ਚਾਰਜਸ਼ੀਟ ਦਾਇਰ ਕਰ ਸਕਾਂਗੇ।
ਪੁਲਵਾਮਾ ਹਮਲੇ ’ਚ ਆਤਮਘਾਤੀ ਬੰਬਾਰ ਆਦਿਲ ਅਹਿਮਦ ਡਾਰ ਨੇ ਖ਼ੁਦ ਨੂੰ ਉਡਾ ਲਿਆ ਸੀ। ਇਸ ਮਾਮਲੇ ’ਚ NIA ਨੇ ਪਿਤਾ, ਪੁੱਤਰੀ ਅਤੇ ਸ਼ਾਕਿਰ ਮਾਗਰੇ ਨੂੰ ਪਿੱਛੇ ਜਿਹੇ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਮਾਗਰੇ ਨੇ NIA ਦੀ ਪੁੱਛਗਿੱਛ ’ਚ ਦੱਸਿਆ ਕਿ ਹਮਲੇ ਦੀਆਂ ਤਿਆਰੀਆਂ ਅਕਤੂਬਰ 2018 ਤੋਂ ਹੀ ਹੋਣ ਲੱਗ ਪਈਆਂ ਹਨ। ਪਹਿਲੀ ਵਾਰ ਇਸ ਉੱਤੇ ਚਰਚਾ ਜੂਨ 2018 ’ਚ ਹੋਈ ਸੀ।
ਅੱਤਵਾਦੀ ਮੁਤਾਬਕ ਪਾਕਿਸਤਾਨੀ ਅੱਤਵਾਦੀ ਮੁਹੰਮਦ ਉਮਰ ਫ਼ਾਰੂਕ ਨੂੰ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ; ਜਦ ਕਿ ਜੈਸ਼ ਦੇ ਏਰੀਆ ਕਮਾਂਡਰ ਮੁਦੱਸਿਰ ਖ਼ਾਨ ਨੇ ਪੂਰੀ ਯੋਜਨਾ ਉੱਤੇ ਨਿਗਰਾਨੀ ਰੱਖੀ ਸੀ।
ਅਜਿਹੀਆਂ ਗੱਲਾਂ ਦਾ ਜਾਇਜ਼ਾ ਪਹਿਲਾਂ ਲੈ ਲਿਆ ਗਿਆ ਸੀ ਕਿ ਇਹ ਹਮਲਾ ਕਿੱਥੇ ਕਰਨਾ ਹੈ। ਫਿਰ ਉਹ ਜਗ੍ਹਾ ਲੱਭੀ ਗਈ, ਜਿੱਥੇ ਨੈਸ਼ਨਲ ਹਾਈਵੇਅ ਥੋੜ੍ਹਾ ਤੰਗ ਹੋ ਜਾਂਦਾ ਹੈ ਤੇ ਵਾਹਨਾਂ ਨੂੰ ਮਜਬੂਰਨ ਆਪਣੀ ਰਫ਼ਤਾਰ ਘਟਾਉਣੀ ਪੈਂਦੀ ਹੈ।
ਅੱਤਵਾਦੀ ਮਾਗਰੇ ਨੇ NIA ਨੂੰ ਦੱਸਿਆ ਕਿ ਲਗਭਗ 50 ਕਿਲੋਗ੍ਰਾਮ ਵਿਸਫ਼ੋਟਕ ਪਦਾਰਥ ਨਾਲ ਇੱਕ ਤਾਕਤਵਰ ਆਈਈਡੀ ਉਮਰ ਫ਼ਾਰੂਕ, ਕਾਮਰਾਨ, ਡਾਰ ਆਦਿ ਨੇ ਫ਼ਰਵਰੀ ਦੇ ਪਹਿਲੇ ਹਫ਼ਤੇ ਇੱਕ ਮਾਰੂਤੀ ਈਕੋ ਕਾਰ ’ਚ ਫ਼ਿੱਟ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮਾਗਰੇ ਉਹ ਵਿਅਕਤੀ ਸੀ, ਜਿਸ ਨੇ ਕਾਰ ਵਿੱਚ ਤਬਦੀਲੀਆਂ ਕੀਤੀਆਂ ਸਨ। ਉਸ ਨੇ ਨੰਬਰ ਪਲੇਟ ਬਦਲ ਦਿੱਤੀ ਸੀ। ਵਿਸਫੋਟਕ ਦਾ ਇੰਤਜ਼ਾਮ ਜੈਸ਼–ਏ–ਮੁਹੰਮਦ ਦੇ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਕੀਤਾ ਸੀ।
ਇਸ ਤੋਂ ਇਲਾਵਾ ਬੈਟਰੀ, ਦਸਤਾਨੇ ਤੇ ਅਮੋਨੀਅਮ ਪਾਊਡਰ ਆੱਨਲਾਈਨ ਮੰਗਵਾਏ ਗਏ ਸਨ।