ਅਗਲੀ ਕਹਾਣੀ

ਅਫ਼ਗ਼ਾਨਿਸਤਾਨ ਤੋਂ ਪੰਜਾਬ ਆ ਰਹੀ 250 ਕਰੋੜ ਦੀ 51 ਕਿਲੋ ਹੈਰੋਇਨ ਜੰਮੂ `ਚ ਫੜੀ

ਅਫ਼ਗ਼ਾਨਿਸਤਾਨ ਤੋਂ ਪੰਜਾਬ ਆ ਰਹੀ 250 ਕਰੋੜ ਦੀ 51 ਕਿਲੋ ਹੈਰੋਇਨ ਜੰਮੂ `ਚ ਫੜੀ

ਜੰਮੂ ਪੁਲਿਸ ਨੂੰ ਅੱਜ ਇੱਕ ਵੱਡੀ ਸਫ਼ਲਤਾ ਹੱਥ ਲੱਗੀ, ਜਦੋਂ ਇੱਥੋਂ ਦੇ ਰੈਡੀਸਨ ਬਲੂ ਹੋਟਲ ਨੇੜੇ ਪੰਜਾਬ ਜਾ ਰਹੇ ਇੱਕ ਟਰੱਕ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ `ਚੋਂ 250 ਕਰੋੜ ਰੁਪਏ ਦੀ 51 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਨਸ਼ੇ ਦੀ ਇਸ ਸਾਰੀ ਖੇਪ `ਤੇ ਅਫ਼ਗ਼ਾਨਿਸਤਾਨ ਦੇ ਨਿਸ਼ਾਨ ਲੱਗੇ ਹੋਏ ਹਨ।


ਨਸ਼ੇ ਦੀ ਇੰਨੀ ਵੱਡੀ ਖੇਪ ਫੜੇ ਜਾਣ ਤੋਂ ਹੁਣ ਇਹ ਸਿੱਧ ਹੋ ਗਿਆ ਹੈ ਕਿ ਪਾਕਿਸਤਾਨ ਜਾਣਬੁੱਝ ਕੇ ਪੰਜਾਬ `ਚ ਨਸ਼ੇ ਸਪਲਾਈ ਕਰ ਕੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਵੱਡੇ ਅੜਿੱਕੇ ਪਾਉਣਾ ਚਾਹੁੰਦਾ ਹੈ। ਨਸਿ਼ਆਂ ਦੇ ਰਾਹ ਪਏ ਨੌਜਵਾਨਾਂ ਨੂੰ ਫਿਰ ਧਨ ਦਾ ਲਾਲਚ ਦੇ ਕੇ ਪਿੱਛੇ ਲਾਉਣਾ ਤੇ ਉਨ੍ਹਾਂ ਤੋਂ ਅੱਤਵਾਦੀ ਤੇ ਦਹਿਸ਼ਤਗਰਦ ਕਾਰਵਾਈਆਂ ਕਰਵਾਉਣਾ ਸੁਖਾਲ਼ਾ ਰਹਿੰਦਾ ਹੈ।


ਜੰਮੂ ਦੇ ਆਈਜੀ ਪੁਲਿਸ ਐੱਸਡੀਐੱਸ ਜਮਵਾਲ ਨੇ ਦੱਸਿਆ ਕਿ ਸੋਮਵਾਰ ਨੂੰ ਨਰਵਾਲ ਇਲਾਕੇ `ਚੋਂ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਪਹਿਲਾਂ ਨਸ਼ਾ ਆਉਣ ਦੀ ਸੂਹ ਮਿਲ ਚੁੱਕੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਨਸ਼ਾ ਪੰਜਾਬ `ਚ ਸਪਲਾਈ ਲਈ ਜਾ ਰਿਹਾ ਸੀ। 


ਡਰਾਇਵਰ ਦੀ ਸ਼ਨਾਖ਼ਤ ਗੁਰਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਡਿਜੀਆਣਾ ਆਸ਼ਰਮ ਤੇ ਰਵੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਰਾਏਵੁਰ ਸਤਵਾਰੀ ਵਜੋਂ ਹੋਈ ਹੈ।


ਜੰਮੂ ਪੁਲਿਸ ਨੇ ਇਸ ਤੋਂ ਪਹਿਲਾਂ ਕਦੇ ਵੀ ਨਸ਼ੇ ਦੀ ਇੰਨੀ ਵੱਡੀ ਖੇਪ ਨਹੀਂ ਫੜੀ। ਫੜੇ ਗਏ ਦੋਵੇਂ ਵਿਅਕਤੀਆਂ ਦੀ ਪਹਿਲਾਂ ਕੋਈ ਦਹਿਸ਼ਤਗਰਦ ਗਤੀਵਿਧੀਆਂ ਵਿੱਚ ਸ਼ਮੂਲੀਅਤ ਨਹੀਂ ਪਾਈ ਗਈ।


ਇਸ ਦੌਰਾਨ ਪੰਜਾਬ ਨੂੰ ਜਾ ਰਹੇ ਇੱਕ ਹੋਰ ਟਰੱਕ `ਚੋਂ 1,400 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ ਹੈ। ਉਸ ਟਰੱਕ ਡਰਾਇਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab bound 250 crore worth heroin seized in Jammu