ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ਤੋਂ ਦਿੱਲੀ ਪੁੱਜੇ। ਉਨ੍ਹਾਂ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਰੱਖੇ ਸਮਾਰੋਹਾਂ ਵਿੱਚ ਸ੍ਰੀ ਮੋਦੀ ਨੂੰ ਸ਼ਾਮਲ ਹੋਣ ਤੇ ਪ੍ਰਧਾਨਗੀ ਕਰਨ ਦਾ ਰਸਮੀ ਸੱਦਾ ਦਿੱਤਾ।
ਦਰਅਸਲ, 550 ਸਾਲਾ ਪ੍ਰਕਾਸ਼ ਪੁਰਬਾਂ ਨਾਲ ਸਬੰਧਤ ਸਮਾਰੋਹਾਂ ਨੂੰ ਲੈ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ ਕਰ ਚੁੱਕੇ ਹਨ ਤੇ ਆਉਂਦੀ 9 ਨਵੰਬਰ ਨੂੰ ਪੰਜਾਬ ਆਉਣ ਦਾ ਸੱਦਾ ਦੇ ਚੁੱਕੇ ਹਨ।
ਪੰਜਾਬ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਬਹੁਤੇ ਸਮਾਰੋਹ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ ਹੀ ਹੋਣਗੇ। ਹਾਲੇ ਤੱਕ ਦੇ ਹਾਲਾਤ ਮੁਤਾਬਕ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਸਮਾਰੋਹ ਵੱਖੋ–ਵੱਖਰੇ ਹੀ ਹੋਣਗੇ।
ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਇਸ ਮਾਮਲੇ ’ਤੇ ਇੱਕ ਰਾਇ ਕਾਇਮ ਕਰਨ ਲਈ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਾਂਝੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ ਸਨ ਪਰ ਉਦੋਂ ਗੱਲਬਾਤ ਕਿਸੇ ਤਣ–ਪੱਤਣ ਨਹੀਂ ਲੱਗ ਸਕੀ ਸੀ। ਪਰ ਤਦ ਇਹ ਵੀ ਆਖਿਆ ਗਿਆ ਸੀ ਕਿ ਅਗਲੀ ਮੀਟਿੰਗ ਵਿੱਚ ਕੋਈ ਅੰਤਿਮ ਫ਼ੈਸਲਾ ਲੈ ਲਿਆ ਜਾਵੇਗਾ।