ਕਸ਼ਮੀਰ ਤੋਂ ਲੈ ਕੇ ਕੰਨਿਆ–ਕੁਮਾਰੀ ਤੱਕ ਅੱਜ ਭਾਰਤ ਦਾ 71ਵਾਂ ਗਣਤੰਤਰ ਦਿਵਸ ਰਵਾਇਤੀ ਜੋਸ਼ੋ–ਖ਼ਰੋਸ਼ ਤੇ ਸ਼ਾਨੋ–ਸ਼ੌਕਤ ਨਾਲ ਮਨਾਇਆ ਗਿਆ। ਪੰਜਾਬ ਦੀ ਝਾਕੀ ਨੇ ਜਿੱਥੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਰਾਜਪਥ ’ਤੇ ਖ਼ੂਬ ਰੰਗ ਬੰਨ੍ਹਿਆ, ਉੱਥੇ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੇ ਗੁਰਦਾਸਪੁਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਫ਼ੇਸ–6 ਸਥਿਤ ਸਰਕਾਰੀ ਕਾਲਜ ’ਚ ਤਿਰੰਗਾ ਝੰਡਾ ਝੁਲਾਇਆ।
ਅੱਜ ਦਿੱਲੀ ਦੇ ਰਾਜਪਥ ’ਤੇ ਪੰਜਾਬ ਦੀ ਝਾਕੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ। ਇਸ ਝਾਕੀ ਰਾਹੀਂ ਗੁਰੂ ਜੀ ਦੇ ਇਨਸਾਨੀਅਤ ਦੇ ਸਿਧਾਂਤ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਦਰਸਾਇਆ ਗਿਆ ਸੀ।
ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਇਹ ਝਾਕੀ ਤਿਆਰ ਕੀਤੀ ਸੀ। ਲਗਾਤਾਰ ਚੌਥੇ ਵਰ੍ਹੇ ਪੰਜਾਬ ਦੀ ਝਾਕੀ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਹੋਈ ਹੈ ਅਤੇ ਅੱਜ ਦੀ ਇਸ ਝਾਕੀ ਨੂੰ ਸਭ ਨੇ ਸਲਾਹਿਆ।
ਪਿਛਲੇ ਵਰ੍ਹੇ ਪੰਜਾਬ ਦੀ ਝਾਕੀ ਜੱਲ੍ਹਿਆਂ ਵਾਲੇ ਬਾਗ਼ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸੀ ਤੇ ਉਹ ਸਾਰੀਆਂ ਝਾਕੀਆਂ ਵਿੱਚੋਂ ਤੀਜੇ ਨੰਬਰ ਉੱਤੇ ਆਈ ਸੀ।
ਅੱਜ ਹੀ ਰਾਜਪਥ ਉੱਤੇ ਸਿੱਖ ਲਾਈਟ ਇਨਫ਼ੈਂਟਰੀ ਰੈਜਿਮੈਂਟ ਦੇ ਜਵਾਨ ਵੀ 71ਵੇਂ ਗਣਤੰਤਰ ਦਿਵਸ ਪਰੇਡ ’ਚ ਵਿਖਾਈ ਦਿੱਤੇ।
ਇਸ ਰੈਜਿਮੈਂਟ ਦਾ ਆਦਰਸ਼–ਵਾਕ ‘ਦੇਗ ਤੇਗ ਫ਼ਤਿਹ’ ਹੈ ਅਤੇ ਮੈਦਾਨ–ਏ–ਜੰਗ ਵਿੱਚ ਜਾਣ ਲਈ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡਿਆ ਜਾਂਦਾ ਹੈ।
ਅੱਜ ਗਣਤੰਤਰ ਦਿਵਸ ਸਮਾਰੋਹ ਦੌਰਾਨ ਰਾਜਪਥ ਉੱਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ, ਭਾਰਤ ਦੇ ਚੀਫ਼ ਜਸਟਿਸ ਐੱਸਏ ਬੋਬੜੇ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਹੋਰ ਸਾਰੇ ਕੇਂਦਰੀ ਮੰਤਰੀ, ਅਨੇਕ ਸੰਸਦ ਮੈਂਬਰ, ਵਿਧਾਇਕ ਤੇ ਉੱਚ ਅਧਿਕਾਰੀ ਵਿਖਾਈ ਦਿੱਤੇ।