ਅਗਲੀ ਕਹਾਣੀ

ਪਤਨੀ ਲਈ ਮਿੰਨੀ-ਤਾਜ ਮਹੱਲ ਬਣਵਾਉਣ ਵਾਲੇ ਕਾਦਰੀ ਦੀ ਸੜਕ ਹਾਦਸੇ `ਚ ਮੌਤ

ਪਤਨੀ ਲਈ ਮਿੰਨੀ-ਤਾਜ ਮਹੱਲ ਬਣਵਾਉਣ ਵਾਲੇ ਕਾਦਰੀ ਦੀ ਸੜਕ ਹਾਦਸੇ `ਚ ਮੌਤ

ਆਪਣੀ ਪਤਨੀ ਦੀ ਯਾਦ `ਚ ਮਿੰਨੀ-ਤਾਜ ਮਹੱਲ ਬਣਵਾਉਣ ਵਾਲੇ ਫ਼ੈਜ਼ੁਲ ਹਸਨ ਕਾਦਰੀ ਦੀ ਇੱਕ ਸੜਕ ਹਾਦਸੇ `ਚ ਮੌਤ ਹੋ ਗਈ ਹੈ। ਉਹ 83 ਵਰ੍ਹਿਆਂ ਦੇ ਸਨ। ਉਹ ਵੀਰਵਾਰ ਦੇਰ ਰਾਤੀਂ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ `ਚ ਇੱਕ ਸ਼ਹਿਰ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਤੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅਲੀਗੜ੍ਹ ਦੇ ਇੱਕ ਪ੍ਰਾਈਵੇਟ ਹਸਪਤਾਲ `ਚ ਦਮ ਤੋੜ ਗਏ ਸਨ।


ਸ੍ਰੀ ਕਾਦਰੀ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਹਿਰ ਕਸੇਰ ਕਲਾਂ ਤੋਂ ਪੋਸਟ-ਮਾਸਟਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਨ। ਵੀਰਵਾਰ ਰਾਤੀਂ 10:30 ਵਜੇ ਉਹ ਜਦੋਂ ਆਪਣੇ ਘਰ ਦੇ ਬਾਹਰ ਹੀ ਥੋੜ੍ਹਾ ਟਹਿਲ ਰਹੇ ਸਨ, ਤਦ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ। ਉਹ ਰਾਤੀਂ 1:00 ਵਜੇ ਤੱਕ ਸੜਕ `ਤੇ ਜ਼ਖ਼ਮੀ ਹਾਲਤ `ਚ ਹੀ ਪਏ ਰਹੇ ਤੇ ਤਦ ਕਿਤੇ ਉਨ੍ਹਾਂ ਦੇ ਭਤੀਜੇ ਮੁਹੰਮਦ ਅਸਲਮ ਨੇ ਉਨ੍ਹਾਂ ਨੂੰ ਅਚਾਨਕ ਵੇਖਿਆ ਕਿ ਉਹ ਆਪਣੀ ਵਾਕਰ ਸਮੇਤ ਹੇਠਾਂ ਡਿੱਗੇ ਪਏ ਸਨ। ਉਹ ਅਕਸਰ ਵਾਕਰ ਨਾਲ ਹੀ ਚੱਲਦੇ ਸਨ।


ਸ੍ਰੀ ਕਾਦਰੀ ਉਦੋਂ ਬੇਹੱਦ ਚਰਚਿਤ ਹੋਏ ਸਨ, ਜਦੋਂ ਉਨ੍ਹਾਂ ਨੇ ਆਪਣੇ ਪਿੰਡ `ਚ ਘਰ ਦੇ ਨੇੜੇ ਹੀ ਇੱਕ ਮਿੰਨੀ ਤਾਜ ਮਹੱਲ ਆਪਣੀ ਸਵਰਗੀ ਪਤਨੀ ਤਜਾਮੁੱਲੀ ਬੇਗਮ ਦੀ ਯਾਦ ਵਿੱਚ ਬਣਵਾਇਆ ਸੀ। ਸ੍ਰੀਮਤੀ ਤਜਾਮੁੱਲੀ ਦਾ ਦੇਹਾਂਤ ਦਸੰਬਰ 2011 `ਚ ਕੈਂਸਰ ਰੋਗ ਨਾਲ ਜੂਝਦਿਆਂ ਹੋ ਗਿਆ ਸੀ। ਉਨ੍ਹਾਂ ਦੋਵਾਂ ਦਾ ਵਿਆਹ 1953 `ਚ ਹੋਇਆ ਸੀ। ਇਸ ਜੋੜੀ ਦਾ ਆਪਣਾ ਕੋਈ ਬੱਚਾ ਨਹੀਂ ਸੀ।


ਪਤਨੀ ਦੇ ਦੇਹਾਂਤ ਤੋਂ ਬਾਅਦ ਸ੍ਰੀ ਕਾਦਰੀ ਨੇ ਇੱਕ ਮਿੰਨੀ ਤਾਜ ਮਹੱਲ ਬਣਵਾਇਆ ਸੀ ਤੇ ਆਪਣੀ ਪਤਨੀ ਨੂੰ ਉਸ ਦੇ ਅੰਦਰ ਦਫ਼ਨਾਇਆ ਸੀ। ਉਨ੍ਹਾਂ ਦੀ ਆਖ਼ਰੀ ਇੱਛਾ ਸੀ ਕਿ ਉਨ੍ਹਾਂ ਨੂੰ ਆਪਣੀ ਪਤਨੀ ਦੇ ਕੋਲ ਹੀ ਖ਼ਾਲੀ ਪਈ ਉਨ੍ਹਾਂ ਦੀ ਜ਼ਮੀਨ `ਚ ਦਫ਼ਨ ਕੀਤਾ ਜਾਵੇ।


2014 `ਚ ਸ੍ਰੀ ਕਾਦਰੀ ਕੋਲ ਪੈਸੇ ਖ਼ਤਮ ਹੋ ਗਏ ਸਨ, ਜਿਸ ਕਰ ਕੇ ਤਾਜ ਮਹੱਲ ਦਾ ਨਿਰਮਾਣ ਵੀ ਅਧਵਾਟੇ ਰੁਕ ਗਿਆ ਸੀ। ਅਗਸਤ 2015 `ਚ ਉੱਤਰ ਪ੍ਰਦੇਸ਼ ਦੇ ਉਦੋਂ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਲਖਨਊ ਸੱਦਿਆ ਸੀ ਤੇ ਮਿੰਨੀ ਤਾਜ ਮਹੱਲ ਦੀ ਉਸਾਰੀ ਮੁਕੰਮਲ ਕਰਨ ਲਈ ਕੁਝ ਧਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਸ੍ਰੀ ਕਾਦਰੀ ਨੇ ਉਹ ਪੇਸ਼ਕਸ਼ ਠੁਕਰਾ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਸਿਰਫ਼ ਆਪਣੀ ਪੈਨਸ਼ਨ ਦੇ ਪੈਸੇ ਨਾਲ ਹੀ ਇਹ ਪੂਰੀ ਇਮਾਰਤ ਮੁਕੰਮਲ ਕਰਵਾਉਣਗੇ।


ਉਨ੍ਹਾਂ ਆਪਣੀ ਵਾਹੀਯੋਗ ਜ਼ਮੀਨ ਤੇ ਆਪਣੀ ਸਵਰਗੀ ਪਤਨੀ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਵੇਚ ਕੇ ਮਿੰਨੀ ਤਾਜ ਮਹੱਲ ਦੀ ਉਸਾਰੀ ਸ਼ੁਰੂ ਕਰਵਾਈ ਸੀ।


ਤਦ ਉਨ੍ਹਾਂ ਸ੍ਰੀ ਯਾਦਵ ਨੂੰ ਇਹ ਜ਼ਰੂਰ ਕਿਹਾ ਸੀ ਕਿ ਪਿੰਡ `ਚ ਉਨ੍ਹਾਂ ਦੀ ਚਾਰ ਬਿੱਘੇ ਜ਼ਮੀਨ ਪਈ ਹੈ ਤੇ ਸੂਬਾ ਸਰਕਾਰ ਉੱਥੇ ਬੱਚਿਆਂ ਲਈ ਇੱਕ ਸਕੂਲ ਬਣਵਾ ਦੇਵੇ। ਤਦ ਉਨ੍ਹਾਂ ਉਹ ਜ਼ਮੀਨ ਸਕੂਲ ਨੂੰ ਦਾਨ ਕਰ ਦਿੱਤੀ ਸੀ। ਸਕੂਲ ਦੀ ਉਹ ਇਮਾਰਤ ਹੁਣ ਬਣ ਕੇ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੋ ਲੱਖ ਰੁਪਏ ਬਚਾਏ ਹੋਏ ਸਨ ਤੇ ਉਹ ਹੁਣ ਸੰਗਮਰਮਰ ਲੈਣ ਲਈ ਜੈਪੁਰ ਜਾਣ ਦੀ ਤਿਆਰੀ ਕਰ ਰਹੇ ਸਨ।


ਪਰਿਵਾਰ ਨੇ ਸ੍ਰੀ ਕਾਦਰੀ ਦੀ ਮ੍ਰਿਤਕ ਦੇਹ ਦਾ ਪੋਸਟ-ਮਾਰਟਮ ਨਾ ਕਰਵਾਉਣ ਦੀ ਬੇਨਤੀ ਕੀਤੀ ਸੀ। ਭਤੀਜਾ ਮੁਹੰਮਦ ਅਸਲਮ ਹੁਣ ਸ੍ਰੀ ਕਾਦਰੀ ਦੀ ਇੱਛਾ ਪੂਰੀ ਕਰਨ ਲਈ ਵਚਨਬੱਧ ਹੈ। ਸ੍ਰੀ ਅਸਲਮ ਨੇ ਦੱਸਿਆ ਕਿ ਸ੍ਰੀ ਕਾਦਰੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਪਤਨੀ ਦੇ ਨਾਲ ਹੀ ਉਸੇ ਤਾਜ ਮਹੱਲ ਦੇ ਅੰਦਰ ਹੀ ਖ਼ਾਲੀ ਪਈ ਜਗ੍ਹਾ `ਚ ਦਫ਼ਨਾਇਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Qadri of Mini Tajmahal fame dies in a road accident