ਰਾਫ਼ੇਲ ਜੰਗੀ ਹਵਾਈ ਜਹਾਜ਼ਾਂ ਦੀ ਸਪਲਾਈ ਸ਼ੁਰੂ ਹੁੰਦਿਆਂ ਹੀ ਭਾਰਤੀ ਹਵਾਈ ਫ਼ੌਜ (IAF) ਪੁਰਾਣੇ ਹੋ ਚੁੱਕੇ ਮਿੱਗ ਜਹਾਜ਼ਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦੇਵੇਗੀ। ਅਗਲੇ ਤਿੰਨ ਸਾਲਾਂ ਵਿੱਚ ਮਿੱਗ ਬਾਇਸਨ ਨੂੰ ਛੱਡ ਕੇ ਬਾਕੀ ਹਰੇਕ ਵਰਗ ਦੇ ਮਿੱਗ ਜਹਾਜ਼ ਹਟਾਉਣ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਦੇਸ਼ ਵਿੱਚ ਬਣੇ ਜੰਗੀ ਹਵਾਈ ਜਹਾਜ਼ ਤੇਜਸ ਨੂੰ ਅੰਤਿਮ ਸੰਚਾਲਨ ਮਨਜ਼ੂਰੀ ਮਿਲਣ ਨਾਲ ਵੀ ਮਿੱਗ ਨੂੰ ਹਟਾਉਣ ਦੇ ਕੰਮ ਵਿੱਚ ਤੇਜ਼ੀ ਆਵੇਗੀ।
ਫ਼ਰਾਂਸ ਅਗਲੇ ਮਹੀਨੇ ਤੋਂ ਭਾਰਤ ਨੂੰ ਮਿੱਗ ਹਵਾਈ ਜਹਾਜ਼ਾਂ ਦੀ ਸਪਲਾਈ ਸ਼ੁਰੂ ਕਰੇਗਾ। ਆਸ ਹੈ ਕਿ ਅਗਲੇ ਤਿੰਨ ਸਾਲਾਂ ਦੌਰਾਨ ਸਾਰੇ 36 ਜਹਾਜ਼ਾਂ ਦੀ ਸਪਲਾਈ ਭਾਰਤ ਨੂੰ ਹੋ ਜਾਵੇਗੀ। ਰਾਫ਼ੇਲ ਦੇ ਆਉਣ ਨਾਲ ਹੀ ਮਿੱਗ–21 ਹਵਾਈ ਜਹਾਜ਼ਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ।
ਹਵਾਈ ਫ਼ੌਜ ਦੇ ਮੁਖੀ ਬੀਐੱਸ ਧਨੋਆ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਮਿੱਗ–21 ਜਹਾਜ਼ਾਂ ਨੂੰ ਹਟਾ ਦਿੱਤਾ ਜਾਵੇਗਾ। ਹਾਲੇ ਲਗਭਗ 38 ਮਿੱਗ–21 ਹਵਾਈ ਜਹਾਜ਼ ਚੱਲ ਰਹੇ ਹਨ। ਉਹ 44 ਸਾਲ ਪੁਰਾਣੇ ਮਿੱਗ ਜਹਾਜ਼ਾਂ ਦੀ ਵਰਤੋਂ ਉੱਤੇ ਚਿੰਤਾ ਪ੍ਰਗਟਾ ਚੁੱਕੇ ਹਨ।
ਹਵਾਈ ਫ਼ੌਜ ਦੇ ਸੂਤਰਾਂ ਅਨੁਸਾਰ ਮਿੱਗ 29, 27 ਅਤੇ 23 ਵਰਗ ਦੇ 100 ਤੋਂ ਵੀ ਵੱਧ ਹਵਾਈ ਜਹਾਜ਼ IAF ਕੋਲ ਹਨ; ਜਦ ਕਿ ਲਗਭਗ 112 ਮਿੱਗ ਬਾਇਸਨ ਹਨ। ਮਿੱਗ ਬਾਇਸਨ ਅਪਗ੍ਰੇਡ ਕੀਤੇ ਹੋਏ ਮਿੱਗ ਹਨ; ਇਸ ਲਈ ਉਨ੍ਹਾਂ ਦੀ ਵਰਤੋਂ ਜਾਰੀ ਰੱਖੀ ਜਾਵੇਗੀ ਪਰ ਬਾਕੀ ਹੋਰ ਵਰਗਾਂ ਦੇ ਮਿੱਗ ਹਵਾਈ ਜਹਾਜ਼ਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾਇਆ ਜਾਵੇਗਾ।