ਰਾਫ਼ੇਲ ਹਵਾਈ ਜਹਾਜ਼ ਸੋਦੇ `ਤੇ ਕੇਂਦਰ ਸਰਕਾਰ ਨੂੰ ਘੇਰਨ `ਚ ਜੁਟੀ ਕਾਂਗਰਸ ਨੇ ਇਸ ਮੁੱਦੇ `ਤੇ ਰਾਜ ਸਭਾ `ਚ ਮਰਿਆਦਾ ਮਤੇ ਦਾ ਨੋਟਿਸ ਦੇ ਦਿੱਤਾ ਹੈ। ਕਾਂਗਰਸ ਨੇ ਰਾਫ਼ੇਲ ਹਵਾਈ ਜਹਾਜ਼ ਸੋਦੇ ਬਾਰੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਨ ਲਈ ਰਾਜ ਸਭਾ ਦੇ ਨਾਲ-ਨਾਲ ਲੋਕ ਸਭਾ `ਚ ਵੀ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ।
ਪੰਜਾਬ ਦੇ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਨੀਲ ਜਾਖੜ ਨੇ ਰਾਫ਼ੇਲ ਸੌਦੇ ਦੇ ਮਾਮਲੇ `ਚ ਸਰਕਾਰ ਵਿਰੁੱਧ ਲੋਕ ਸਭਾ `ਚ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਰਾਜ ਸਭਾ `ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਵੀ ਇਸੇ ਮਾਮਲੇ `ਚ ਸਰਕਾਰ ਵਿਰੁੱਧ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ।
ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ `ਚ ਦੱਸਿਆ ਕਿ ਉਨ੍ਹਾਂ ਨੂੰ ਕੁਝ ਮੈਂਬਰਾਂ ਦੇ ਮਰਿਆਦਾ ਮਤੇ ਦੇ ਨੋਟਿਸ ਮਿਲੇ ਹਨ ਤੇ ਉਹ ਉਨ੍ਹਾਂ ਦੇ ਵਿਚਾਰ ਅਧੀਨ ਹਨ।
ਸੋਮਵਾਰ ਨੂੰ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ `ਤੇ ਜਦੋਂ ਚੇਅਰਮੈਨ ਐੱਮ. ਵੈਂਕਈਆ ਨਾਇਡੂ ਮੈਂਬਰਾਂ ਵੱਲੋਂ ਦਿੱਤੇ ਵੱਖੋ-ਵੱਖਰੇ ਨੋਟਿਸਾਂ ਤੇ ਪ੍ਰਸਤਾਵਾਂ ਦੀ ਜਾਣਕਾਰੀ ਦੇ ਰਹੇ ਸਨ, ਤਾਂ ਸ੍ਰੀ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਰਾਫ਼ੇਲ ਸੌਦੇ ਦੇ ਮਾਮਲੇ `ਚ ਦੇਸ਼ ਤੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਨ ਲਈ ਸਰਕਾਰ ਵਿਰੁੱਧ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਸੀ। ਸ੍ਰੀ ਨਾਇਡੂ ਨੇ ਕਿਹਾ ਕਿ ਹਾਲੇ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਤੇ ਉਨ੍ਹਾਂ ਹਾਲੇ ਇਸ ਨੋਟਿਸ `ਤੇ ਕੋਈ ਫ਼ੈਸਲਾ ਨਹੀਂ ਲਿਆ।
ਸ੍ਰੀ ਜਾਖੜ ਨੇ ਆਪਣੇ ਨੋਟਿਸ ਵਿੱਚ ਕਿਹਾ ਹੈ ਕਿ ਸਰਕਾਰ ਨੇ ਰਾਫ਼ੇਲ ਹਵਾਈ ਜਹਾਜ਼ ਸੌਦੇ ਬਾਰੇ ਜਾਣਬੁੱਝ ਕੇ ਸੁਪਰੀਮ ਕੋਰਟ ਤੇ ਸਦਨ ਨੂੰ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਰੱਖਿਆ ਸੋਦੇ ਵਿੱਚ ਕੀਮਤ `ਤੇ ਆਪਣੇ ਪੱਖ ਨੂੰ ਸਹੀ ਠਹਿਰਾਉਣ ਲਈ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਹਮਣੇ ਗ਼ਲਤ ਤੱਥ ਰੱਖੇ।
ਸੁਪਰੀਮ ਕੋਰਟ ਨੇ ਕੈਗ ਦੀ ਜਿਸ ਰਿਪੋਰਟ ਨੂੰ ਆਪਣੇ ਫ਼ੈਸਲੇ ਦਾ ਆਧਾਰ ਬਣਾਇਆ, ਉਹ ਰਿਪੋਰਟ ਹੋਂਦ `ਚ ਹੀ ਨਹੀਂ ਹੈ ਤੇ ਸੰਸਦ ਦੀ ਲੋਕ ਲੇਖਾ ਕਮੇਟੀ ਨਾਲ ਸਾਂਝੀ ਨਹੀਂ ਕੀਤੀ ਗਈ। ਉਨ੍ਹਾਂ ਲਿਖਿਆ ਹੈ ਕਿ ਇਹ ਸੁਪਰੀਮ ਕੋਰਟ ਸਾਹਮਣੇ ਅਹਿਮ ਤੱਥਾਂ ਨੂੰ ਗ਼ਲਤ ਤਰੀਕੇ ਪੇਸ਼ ਕਰਨ ਦਾ ਮਾਮਲਾ ਹੈ। ਸਰਕਾਰ ਨੇ ਨਾ ਸਿਰਫ਼ ਸੁਪਰੀਮ ਕੋਰਟ ਨੂੰ ਗੁੰਮਰਾਹ ਕੀਤਾ ਹੈ, ਸਗੋਂ ਉਸ ਨੇ ਸੰਸਦ ਤੇ ਉਸ ਦੀ ਲੋਕ ਲੇਖਾ ਕਮੇਟੀ `ਤੇ ਵੀ ਕਲੰਕ ਲਾਇਆ ਹੈ।