ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਵਾਪਸ ਭੇਜਿਆ

ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਵਾਪਸ ਭੇਜਿਆ

ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਕਈ ਆਗੂਆਂ ਨੇ ਅੱਜ ਜੰਮੂ–ਕਸ਼ਮੀਰ ਦੇ ਹਾਲਾਤ ਤੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਕਸ਼ਮੀਰ ਵਾਦੀ ਵਿੱਚ ਜਾਣ ਦਾ ਜਤਨ ਕੀਤਾ। ਉਹ ਸਾਰੇ ਆਗੂ ਸ੍ਰੀਨਗਰ ਦੇ ਹਵਾਈ ਅੱਡੇ ਤੱਕ ਪੁੱਜ ਵੀ ਗਏ ਪਰ ਉਨ੍ਹਾਂ ਸਭਨਾਂ ਨੂੰ ਬੇਰੰਗ ਵਾਪਸ ਦਿੱਲੀ ਭੇਜ ਦਿੱਤਾ ਗਿਆ।

 

 

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਖ਼ਾਤਮੇ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਅੰਦਰੂਨੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਆਖੇ ਜਾ ਸਕਦੇ। ਕਸ਼ਮੀਰ ਦੀ ਜਨਤਾ ਵਿੱਚ ਡਾਢਾ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ ਪਰ ਪਾਬੰਦੀਆਂ ਕਾਰਨ ਕੋਈ ਕਰ ਕੁਝ ਵੀ ਨਹੀਂ ਸਕਦਾ।

 

 

ANI ਮੁਤਾਬਕ ਅੱਜ ਸ੍ਰੀ ਰਾਹੁਲ ਗਾਂਧੀ ਨਾਲ ਕਾਂਗਰਸ ਦੇ ਹੋਰ ਆਗੂਆਂ ਵਿੱਚ ਗ਼ੁਲਾਮ ਨਬੀ ਆਜ਼ਾਦ, ਕੇਸੀ ਵੇਣੂੰਗੋਪਾਲ ਤੇ ਆਨੰਦ ਸ਼ਰਮਾ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ, ਡੀਐੱਮਕੇ ਦੇ ਤਿਰੁਚੀ ਸਿਵਾ, ਸੀਪੀਆਈ (ਐੱਮ) ਦੇ ਆਗੂ ਸੀਤਾਰਾਮ ਯੈਚੁਰੀ, ਸੀਪੀਆਈ ਦੇ ਆਗੂ ਡੀ. ਰਾਜਾ, ਲੋਕਤਾਂਤ੍ਰਿਕ ਜਨਤਾ ਦਲ ਦੇ ਸ਼ਰਦ ਯਾਦਵ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਡਾ. ਮਜੀਦ ਮੈਮਨ ਅਤੇ ਜਨਤਾ ਦਲ (ਸੈਕੂਲਰ) ਦੇ ਡਾ. ਕੁਪੇਂਦਰ ਰੈੱਡੀ ਵੀ ਵਫ਼ਦ ਵਿੱਚ ਮੌਜੂਦ ਸਨ।

 

 

ਇਸ ਤੋਂ ਪਹਿਲਾਂ ਕੱਲ੍ਹ ਸ਼ਾਮ ਨੂੰ ਹੀ ਜੰਮੂ–ਕਸ਼ਮੀਰ ਸਰਕਾਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਹੋਰ ਸਿਆਸੀ ਆਗੂਆਂ ਨੂੰ ਵਾਦੀ ਦੀ ਯਾਤਰਾ ਨਾ ਕਰਨ ਦੀ ਸਲਾਹ ਦੇ ਦਿੱਤੀ ਸੀ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਹੌਲੀ–ਹੌਲੀ ਕਾਇਮ ਹੋ ਰਹੀ ਸ਼ਾਂਤੀ ਦੀ ਪ੍ਰਕਿਰਿਆ ਵਿੱਚ ਅੜਿੱਕਾ ਪਵੇਗਾ। ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਿਆਸੀ ਆਗੂਆਂ ਦੀ ਯਾਤਰਾ ਉਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰੇਗੀ, ਜੋ ਕਸ਼ਮੀਰ ਵਾਦੀ ਦੇ ਕਈ ਇਲਾਕਿਆਂ ਵਿੱਚ ਲਾਈਆਂ ਗਈਆਂ ਹਨ।

 

 

ਦਰਅਸਲ, ਜੰਮੂ–ਕਸ਼ਮੀਰ ਪ੍ਰਸ਼ਾਸਨ ਵੱਲੋਂ ਇਹ ਬਿਆਨ ਉਦੋਂ ਆਇਆ, ਜਦੋਂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਅੱਜ ਸਨਿੱਚਰਵਾਰ ਨੂੰ ਕਸ਼ਮੀਰ ਵਾਦੀ ’ਚ ਜਾਣ ਦੀ ਗੱਲ ਕੀਤੀ ਸੀ।

 

 

ਪ੍ਰਸ਼ਾਸਨ ਨੇ ਬਿਆਨ ਵਿੱਚ ਆਖਿਆ ਸੀ ਕਿ ਅਜਿਹੇ ਹਵੇਲੇ ਜਦੋਂ ਸਰਕਾਰ ਸੂਬੇ ਦੇ ਲੋਕਾਂ ਨੂੰ ਸਰਹੱਦ ਪਾਰ ਅੱਤਵਾਦ ਦੇ ਖ਼ਤਰੇ ਅਤੇ ਅੱਤਵਾਦੀਆਂ ਤੇ ਵੱਖਵਾਦੀਆਂ ਦੇ ਹਮਲਿਆਂ ਤੋਂ ਬਚਾਉਣ ਦੇ ਜਤਨ ਕਰ ਰਹੀ ਹੈ ਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਹੇਠ ਲਿਆ ਕੇ ਲੋਕ–ਵਿਵਸਥਾ ਬਹਾਲ ਕਰਨ ਦਾ ਜਤਨ ਕੀਤਾ ਜਾ ਰਿਹਾ ਹੈ; ਤਦ ਸੀਨੀਆ ਸਿਆਸੀ ਆਗੂਆਂ ਵੱਲੋਂ ਆਮ ਜਨਜੀਵਨ ਹੌਲੀ–ਹੌਲੀ ਲੀਹ ਉੱਤੇ ਲਿਆਉਣ ਦੇ ਰਾਹ ਵਿੱਚ ਅੜਿੱਕੇ ਡਾਹੁਣ ਦਾ ਜਤਨ ਨਹੀਂ ਹੋਣਾ ਚਾਹੀਦਾ।

 

 

ਬਿਆਨ ਵਿੱਚ ਕਿਹਾ ਗਿਆ ਸੀ ਕਿ ਸਿਆਸੀ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਹਿਯੋਗ ਦੇਣ ਤੇ ਸ੍ਰੀਨਗਰ ਦੀ ਯਾਤਰਾ ਨਾ ਕਰਨ ਕਿਉਂਕਿ ਉਨ੍ਹਾਂ ਦੇ ਅਜਿਹਾ ਕਰਨ ਨਾਲ ਹੋਰ ਲੋਕਾਂ ਨੂੰ ਅਸੁਵਿਧਾ ਹੋਵੇਗੀ।

 

 

ਧਾਰਾ–370 ਖ਼ਤਮ ਕਰਨ ਤੋਂ ਬਾਅਦ ਸਰਕਾਰ ਨੇ ਹਾਲੇ ਤੱਕ ਕਿਸੇ ਵੀ ਸਿਆਸੀ ਆਗੂ ਨੂੰ ਕਸ਼ਮੀਰ ਵਾਦੀ ’ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲ੍ਹਾ, ਉਮਰ ਅਬਦੁੱਲ੍ਹਾ, ਮਹਿਬੂਬਾ ਮੁਫ਼ਤੀ ਸਮੇਤ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ; ਜਦ ਕਿ ਕਾਂਗਰਸ ਦੇ ਸੰਸਦ ਮੈਂਬਰ ਗ਼ੁਲਾਮ ਨਬੀ ਆਜ਼ਾਦ ਨੂੰ ਦੋ ਵਾਰ ਸੂਬੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਹੈ।

 

 

ਸ੍ਰੀ ਰਾਹੁਲ ਗਾਂਧੀ ਨਾਲ ਸ੍ਰੀ ਗ਼ੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਜਿਹੇ ਕਾਂਗਰਸੀ ਆਗੂ ਵੀ ਜਾ ਰਹੇ ਹਨ। ਜੇ ਉਨ੍ਹਾਂ ਨੂੰ ਸ੍ਰੀਨਗਰ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਮਿਲੀ, ਤਾਂ ਇਹ ਸਾਰੇ ਆਗੂ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ। ਜਿਹੋ ਜਿਹਾ ਰਵੱਈਆ ਕੇਂਦਰ ਤੇ ਜੰਮੂ–ਕਸ਼ਮੀਰ ਪ੍ਰਸ਼ਾਸਨ ਦਾ ਵਿਖਾਈ ਦੇ ਰਿਹਾ ਹੈ, ਐੱਚ.ਟੀ. ਪੰਜਾਬੀ ਨੇ ਪਹਿਲਾਂ ਹੀ ਇਹ ਅਨੁਮਾਨ ਲਾ ਲਿਆ ਸੀ ਕਿ – ਇਹ ਸਪੱਸ਼ਟ ਹੈ ਕਿ ਹਾਲੇ ਕਿਸੇ ਵੀ ਸਿਆਸੀ ਆਗੂ ਨੂੰ ਕਸ਼ਮੀਰ ਵਾਦੀ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ।

 

 

ਇੰਝ, ਅੱਜ ਕਿੰਨਾ ਚਿਰ ਸਭ ਤੋਂ ਵੱਡਾ ਸੁਆਲ ਇਹੋ ਬਣਿਆ ਰਿਹਾ ਕਿ ਕੀ ਰਾਹੁਲ ਗਾਂਧੀ ਤੇ ਹੋਰ ਸਿਆਸੀ ਆਗੂਆਂ ਨੂੰ ਕਸ਼ਮੀਰ ਵਾਦੀ ’ਚ ਜਾਣ ਦਿੱਤਾ ਜਾਵੇਗਾ ਕਿ ਨਹੀਂ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi and other leaders of opposition sent back from Srinagar Airport