ਨਾਗਰਿਕਤਾ ਸੋਧ ਐਕਟ (ਸੀਏਏ) ਦੇ ਰੋਸ ਪ੍ਰਦਰਸ਼ਨਾਂ ਦੌਰਾਨ ਭਾਰਤੀ ਰੇਲਵੇ ਨੂੰ 80 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਰੇਲਵੇ ਵਿਭਾਗ ਉੱਤਰ ਪ੍ਰਦੇਸ਼ ਸਰਕਾਰ ਦੀ ਤਰਜ਼ 'ਤੇ ਪ੍ਰਦਰਸ਼ਨਕਾਰੀਆਂ ਤੋਂ ਇਸ ਨੁਕਸਾਨ ਦੀ ਭਰਪਾਈ ਕਰੇਗਾ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸ਼ੁਰੂਆਤੀ ਅੰਦਾਜਾ ਹੈ ਅਤੇ ਅੰਤਮ ਵਿਸ਼ਲੇਸ਼ਣ ਤੋਂ ਬਾਅਦ ਨੁਕਸਾਨ ਦਾ ਅੰਕੜਾ ਵੱਧ ਸਕਦਾ ਹੈ।
ਸੀਏਏ ਦੇ ਸੰਸਦ 'ਚ ਪਾਸ ਹੋਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਈਆਂ ਹਿੰਸਕ ਝੜਪਾਂ ਕਾਰਨ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਸਾੜ ਦਿੱਤੀਆਂ ਸਨ ਅਤੇ ਰੇਲ ਗੱਡੀਆਂ ਦੇ ਡੱਬਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਸੀਏਏ ਦੇ ਰੋਸ ਪ੍ਰਦਰਸ਼ਨਾਂ ਦੌਰਾਨ ਰੇਲਵੇ ਦੀ 80 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਪੂਰਬੀ ਰੇਲਵੇ ਨੂੰ 70 ਕਰੋੜ ਰੁਪਏ ਦਾ ਨੁਕਸਾਨ ਹੋਇਆ ਅਤੇ ਉੱਤਰ-ਪੂਰਬੀ ਰੇਲਵੇ ਨੂੰ 10 ਕਰੋੜ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਰੇਲਵੇ ਨੂੰ ਜਿਹੜਾ ਨੁਕਸਾਨ ਹੋਇਆ ਹੈ ਉਸ ਦੀ ਵਸੂਲੀ ਕੀਤੀ ਜਾਵੇਗੀ। ਇਹ ਵਸੂਲੀ ਉਨ੍ਹਾਂ ਲੋਕਾਂ ਕੋਲੋਂ ਹੀ ਕੀਤੀ ਜਾਵੇਗੀ ਜਿਹੜੇ ਇਸ ਹਿੰਸਾ ਵਿਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਕੋਲੋਂ ਹੀ ਵਸੂਲੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਯੂ.ਪੀ. ਸਰਕਾਰ ਨੇ ਵੀ ਇਹ ਹੀ ਫਾਰਮੂਲਾ ਅਪਣਾਇਆ ਹੈ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਹਿੰਸਾ 'ਚ ਸ਼ਾਮਲ ਸਨ, ਉਨ੍ਹਾਂ ਕੋਲੋਂ ਹੀ ਭੰਨਤੋੜ ਦਾ ਪੈਸਾ ਵਸੂਲਿਆ ਜਾਵੇਗਾ। ਯੋਗੀ ਦੇ ਇਸ ਐਲਾਨ ਤੋਂ ਬਾਅਦ ਯੂ.ਪੀ. ਪ੍ਰਸ਼ਾਸਨ ਵਲੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਦੇ ਘਰ 'ਤੇ ਨੋਟਿਸ ਚਸਪਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਪੱਛਮੀ ਉੱਤਰ ਪ੍ਰਦੇਸ਼ 'ਚ ਕੁਝ ਦੁਕਾਨਾਂ ਨੂੰ ਵੀ ਸੀਲ ਕੀਤਾ ਗਿਆ ਹੈ।