ਸਿੱਖਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਰਾਜਸਥਾਨ ਸਰਕਾਰ ਨੇ ਸੂਬੇ 'ਚ ਆਨੰਦ ਮੈਰਿਜ ਐਕਟ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉੱਥੇ ਵਸਦੇ ਸਿੱਖ ਹੁਣ ਛੇਤੀ ਹੀ ਇਸ ਐਕਟ ਅਧੀਨ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ। ਇਸ ਤੋਂ ਇਲਾਵਾ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਬੈਠਣ ਮੌਕੇ ਕੜਾ, ਪੱਗ ਅਤੇ ਕਿਰਪਾਨ ਆਦਿ ਨਹੀਂ ਲੁਹਾਇਆ ਜਾਵੇਗਾ। ਜੈਪੁਰ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਐਲਾਨ ਕੀਤਾ।

ਇਸ ਮੌਕੇ ਸੱਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਹੋਇਆ। ਇਸ ਮਗਰੋਂ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਤੇ ਰਜਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕੀਤਾ। ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਰਾਜਸਥਾਨ ਵਿੱਚ ਵੀ ਆਨੰਦ ਮੈਰਿਜ ਐਕਟ ਲਾਗੂ ਹੋਵੇਗਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਹ ਵੀ ਕਿਹਾ ਕਿ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਬੈਠਣ ਮੌਕੇ ਕੜਾ, ਪੱਗ ਅਤੇ ਕਿਰਪਾਨ ਉਤਾਰਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਇਸ ਐਲਾਨ ਤੋਂ ਬਾਅਦ ਪ੍ਰੋਗਰਾਮ 'ਚ ਸ਼ਾਮਲ ਸੰਗਤਾਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਤਾਂ ਪਹਿਲਾਂ ਹੀ ਸਿੱਖਾਂ ਨੂੰ ਆਨੰਦ ਮੈਰਿਜ ਐਕਟ ਦਾ ਫ਼ਾਇਦਾ ਦਿੱਤਾ ਹੋਇਆ ਹੈ, ਪਰ ਹੁਣ ਕੇਂਦਰ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਵੀ ਸੂਬੇ ਵਿੱਚ ਇਸ ਮੈਰਿਜ ਐਕਟ ਨੂੰ ਲਾਗੂ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅੰਗਰੇਜਾਂ ਦੇ ਰਾਜ ਦੌਰਾਨ 1909 ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ ਗਿਆ । ਮਹਾਰਾਜਾ ਪ੍ਰਦੁੱਮਣ ਸਿੰਘ (ਨਾਭਾ ਰਿਆਸਤ) ਨੇ ਭਾਰਤ ਦੀ ਉਸ ਵੇਲੇ ਦੀ ਲੈਜਿਸਲੇਟਿਵ ਕੌਂਸਲ ’ਚ ਇਹ ਬਿੱਲ ਪੇਸ਼ ਕੀਤਾ ਸੀ। ਭਾਈ ਕਾਹਨ ਸਿੰਘ, ਜੋ ਵੱਡੇ ਸਕਾਲਰ ਸਨ, ਨੇ ਇਹ ਡਰਾਫਟ ਤਿਆਰ ਕੀਤਾ ਅਤੇ 1909 ’ਚ ਇਹ ਬਿੱਲ ਪਾਸ ਹੋ ਗਿਆ ਸੀ।
ਸਾਲ 2012 ਵਿਚ ਸੰਸਦ ਨੇ ਇਸ ਬਿੱਲ 'ਚ ਸੋਧ ਕੀਤੀ ਸੀ ਅਤੇ ਇਸ ਨੂੰ ਆਨੰਦ ਮੈਰਿਜ ਸੋਧ ਐਕਟ 2012 ਦਾ ਨਾਮ ਦਿੱਤਾ ਗਿਆ। ਇਸ ਵਿਚ ਕਈ ਤਬਦੀਲੀਆਂ ਕੀਤੀਆਂ ਗਈਆਂ ਸਨ, ਜਿਸ ਵਿਚ ਆਨੰਦ ਮੈਰਿਜ ਨੂੰ ਸਿੱਖਾਂ ਦੇ ਰਵਾਇਤੀ ਸ਼ਬਦ ‘ਆਨੰਦ ਕਾਰਜ’ ਲਿਖਣ ਦੀ ਸ਼ੁਰੂਆਤ ਕੀਤੀ ਗਈ ਸੀ।