ਲੋਕ ਸਭਾ ਚੋਣਾਂ ਵਿਚ ਨਿਰਾਸ਼ਜਨਕ ਪ੍ਰਦਰਸ਼ਨ ਦੇ ਬਾਅਦ ਕਾਂਗਰਸ ਵਿਚ ਅਗਵਾਈ ਸੰਗਟ ਵਿਚ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਬੁੱਧਵਾਰ ਨੂੰ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਚੇਅਰਪਰਸ਼ਨ ਤੇ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਪਾਰਟੀ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਨਾਲ ਗਹਲੋਤ ਦੀ ਮੁਲਾਕਾਤ 40 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਚਲੀ। ਕਾਂਗਰਸ ਦੇ ਪੰਜੇ ਮੁੱਖ ਮੰਤਰੀਆਂ ਦੇ ਸੋਮਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਕਾਂਗਰਸ ਪ੍ਰਮੁੱਖ ਅਹੁਦੇ ਉਤੇ ਬਣੇ ਰਹਿਣ ਦੀ ਅਪੀਲ ਕਰਨ ਦੇ ਦੋ ਦਿਨ ਬਾਅਦ ਗਹਲੋਤ ਨੇ ਸੋਨੀਆ ਨਾਲ ਮੁਲਾਕਾਤ ਕੀਤੀ। ਹਾਲਾਂਕਿ, ਰਾਹੁਲ ਗਾਂਧੀ ਨੇ ਮੁੱਖ ਮੰਤਰੀਆਂ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਨਵਾਂ ਪਾਰਟੀ ਪ੍ਰਧਾਨ ਲੱਭਣ ਨੂੰ ਕਿਹਾ ਹੈ।
ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਬੇਹੱਦ ਖਰਾਬ ਪ੍ਰਦਰਸ਼ਨ ਦੇ ਬਾਅਦ 25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ। ਕਾਂਗਰਸ ਨੇ ਚੋਣਾਂ ਵਿਚ ਸਿਰਫ 52 ਸੀਟਾਂ ਜਿੱਤੀਆਂ ਸਨ। ਰਾਹੁਲ ਖੁਦ ਆਪਣੇ ਗੜ੍ਹ ਉਤਰ ਪ੍ਰਦੇਸ਼ ਦੇ ਅਮੇਠੀ ਤੋਂ ਹਾਰ ਗਏ ਸਨ।